7 hours ago
ਸੁੱਚੇ ਸਭਿਆਚਾਰਕ ਭਰੇ ਗੀਤਾਂ ਦਾ ਮੁੱਦਈ :- ਗੀਤਕਾਰ ਜਿੰਦਾ ਨਾਗੋਕੇ
17 hours ago
ਪੈਨਸ਼ਨਰ ਦਿਵਸ ਬਨਾਮ ਨਵੀਂ ਪੈਨਸ਼ਨ ਪ੍ਰਣਾਲੀ (NPS)
1 day ago
ਰਾਜ ਗਰੇਵਾਲ ਦਾ ਗੀਤ “ਗੱਡੀ” ਦੀ ਰਿਲੀਜਿੰਗ ਕੱਲ 17 ਦਿਸੰਬਰ ਨੂੰ
1 day ago
21 ਸਾਲਾ ਫੀਜ਼ੀ ਇੰਡੀਅਨ ਔਰਤ ਨੂੰ 1 ਸਾਲਾ ਬੱਚੀ ਦੀ ਮੌਤ ਲਈ 5 ਸਾਲ ਜ਼ੇਲ੍ਹ ਦੀ ਸਜ਼ਾ ਸੁਣਾਈ ਗਈ
3 days ago
ਕੂੜਾਦਾਨ ਚੁੱਕਣ ਵਾਲੇ ਟਰੱਕ ਉਤੇ ਕੰਮ ਕਰਦੇ ਪੰਜਾਬੀ ਨੌਜਵਾਨ ਦੀ ਦੁਖਦਾਈ ਮੌਤ
3 days ago
ਕੈਪਟਨ ਸਰਕਾਰ ਵੱਲੋਂ ਨਜਾਇਜ਼ ਮਾਈਨਿੰਗ ਰੋਕਣ ਦੇ ਦਾਅਵੇ ਹੋਏ ਖੋਖਲੇ
3 days ago
ਗੁਰੂ ਨਾਨਕ ਭਲਾਈ ਟਰੱਸਟ ਹਾਂਗਕਾਂਗ ਵੱਲੋਂ ਕੈਂਸਰ ਪੀੜ੍ਹਿਤ ਔਰਤ ਦੀ ਇਲਾਜ ਲਈ ਮੱਦਦ
3 days ago
ਸਿੱਖਜ਼ ਆਫ ਅਮੈਰਿਕਾ ਸੰਸਥਾ ਵਲੋਂ ਪਾਕਿਸਤਾਨੀ ਸਿੱਖ ਆਗੂ ਰਮੇਸ਼ ਸਿੰਘ ਖਾਲਸਾ ਸਨਮਾਨਿਤ
3 days ago
ਵਾਸ਼ਿੰਗਟਨ ਸਟੇਟ ਵਿਚ ਕਾਂਗਰਸ ਕਮੇਟੀ ਦਾ ਪੁਨਰ ਗਠਨ
4 days ago
ਬ੍ਰਿਟਿਸ਼ ਕੋਲੰਬੀਆਂ ਦੇ ਡਿਪਟੀ ਸਪੀਕਰ ਵੱਲੋਂ ਪੰਜਾਬ ਦੇ ਸਪੀਕਰ ਨਾਲ ਮੁਲਾਕਾਤ

gurmit palahi 171007 article,29-9aaaa

ਬਨਾਰਸ ਹਿੰਦੂ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਨੇ ਆਪਣੀ  ਸੁਰੱਖਿਆ ਲਈ ਅੰਦੋਲਨ ਸ਼ੁਰੂ ਕੀਤਾ ਸੀ। ਕਾਰਨ ਸੀ ਕਿ ਨਾ ਸਿਰਫ਼ ਉਹਨਾ ਨੂੰ ਯੂਨੀਵਰਸਿਟੀ ਕੈਂਪਸ ਵਿੱਚ ਛੇੜਖਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਬਲਕਿ ਜਦੋਂ ਉਹਨਾ ਨੇ  ਯੂਨੀਵਰਸਿਟੀ ਦੇ ਉਪ ਕੁਲਪਤੀ ਨੂੰ ਸ਼ਕਾਇਤ ਕੀਤੀ, ਤਾਂ ਉਹਨਾ ਕੋਈ ਧਿਆਨ ਹੀ ਨਹੀਂ ਦਿੱਤਾ। ਜਦੋਂ ਲੜਕੀਆਂ ਦੀ ਨਹੀਂ ਸੁਣੀ ਗਈ, ਉਹਨਾ ਸ਼ਾਂਤੀ ਪੂਰਬਕ ਅੰਦੋਲਨ ਸ਼ੁਰੂ ਕੀਤਾ ਪਰ ਯੂਨੀਵਰਸਿਟੀ ਦੇ ਪ੍ਰਸ਼ਾਸ਼ਕਾਂ ਦੀ ਮਿਲੀ ਭੁਗਤ ਨਾਲ ਸ਼ਾਂਤੀਮਈ ਅੰਦੋਲਨ ਕਰਦੀਆਂ ਲੜਕੀਆਂ ਨੂੰ ਬੁਰੀ ਤਰ੍ਹਾਂ  ਮਾਰਿਆ, ਕੁੱਟਿਆ ਝੰਬਿਆ ਗਿਆ। ਕੀ ਅੰਦੋਲਨ ਕਰਦੀਆਂ ਲੜਕੀਆਂ ਦੀ ਗੱਲ ਸੁਨਣਾ ਸ਼ਾਸ਼ਨ, ਪ੍ਰਸ਼ਾਸ਼ਨ, ਪੁਲਿਸ ਪ੍ਰਸ਼ਾਸ਼ਨ ਦਾ ਜੁੰਮਾ ਨਹੀਂ? ਐਡੇ ਕਿਹੜੇ ਸੰਕਟਕਾਲੀਨ ਹਾਲਾਤ ਬਣ ਗਏ ਸੀ ਕਿ ਅੰਦੋਲਨ ਨੂੰ ਸਾਂਭਣ ਲਈ ਲੇਡੀਜ ਪੁਲਿਸ ਦੀ ਥਾਂ ਮਰਦ ਪੁਲਿਸ ਵਾਲਿਆਂ ਨੂੰ ਲਗਾ ਦਿਤਾ ਗਿਆ, ਜਿਹਨਾ ਮੌਕੇ ‘ਤੇ ਪੂਰੀ ਬੇ-ਰਹਿਮੀ ਦਿਖਾਈ।

ਦੇਸ਼ ਵਿੱਚ ਨਿੱਤ-ਦਿਹਾੜੇ ਔਰਤਾਂ ਨਾਲ ਛੇੜਖਾਨੀ, ਦੀਆਂ ਘਟਨਾਵਾਂ ਵਾਪਰਦੀਆਂ ਹਨ। ਹੁਣੇ ਜਿਹੇ ਕੁਸ਼ੀਨਗਰ ਵਿੱਚ ਇੱਕ ਲੜਕੇ ਦੀ ਛੇੜਖਾਨੀ ਤੋਂ ਤੰਗ ਆਕੇ ਇੱਕ ਲੜਕੀ ਨੇ ਜ਼ਹਿਰ ਖਾ ਲਿਆ, ਉਸਨੇ ਆਤਮ ਹੱਤਿਆ ਦੀ ਕੋਸ਼ਿਸ਼ ਕੀਤੀ। ਸ਼ਾਇਦ ਉਹਦੀ ਸੁਨਣ ਵਾਲਾ ਕੋਈ ਨਹੀਂ ਹੋਏਗਾ। ਸਾਡੀਆਂ ਲੜਕੀਆਂ ਆਪਣੇ ਪਰਿਵਾਰਾਂ ਅਤੇ ਸਮਾਜ ਵਿੱਚ ਇੰਨੀਆ ਇੱਕਲੀਆਂ ਕਿਉਂ ਹਨ?

ਪਿਛਲੇ ਦਿਨੀਂ ਅਲੀਗੜ੍ਹ ਵਿੱਚ ਭਾਜਪਾ ਦੀ ਇੱਕ ਨੇਤਾ ਨੇ ਇੱਕ ਲੜਕੀ ਨੂੰ ਇਸ ਕਰਕੇ ਕੁਟਿਆ ਕਿ ਉਸਦਾ ਦੋਸਤ ਕਿਸੇ ਹੋਰ ਧਰਮ ਨਾਲ ਸਬੰਧਤ ਹੈ। ਉਹ ਨੇਤਾ ਸ਼ਰੇਆਮ ਪੂਰੇ ਮਾਣ ਨਾਲ ਕਹਿ ਰਹੀ ਸੀ ਕਿ ਉਹ ਅੱਗੋਂ ਵੀ ਇੰਜ ਕਰਦੀ ਰਹੇਗੀ। ਕੀ ਲਵ ਜੇਹਾਦ, ਪਾਰਕ ਵਿੱਚ ਬੈਠੇ ਲੜਕੇ-ਲੜਕੀਆਂ ਨੂੰ ਆਜ਼ਾਦੀ ਨਾਲ ਬੈਠਣ ਤੋਂ ਰੋਕਣਾ, ਕੁੱਟਮਾਰ ਕਰਨਾ, ਨਿੱਜਤਾ ਦੀ ਆਜ਼ਾਦੀ, ਜਿਸਨੂੰ ਭਾਰਤੀ ਸੰਵਿਧਾਨ ‘ਚ ਮੌਲਿਕ ਅਧਿਕਾਰ ਗਿਣਿਆ ਜਾਂਦਾ ਹੈ, ਦਾ ਸਿੱਧਾ ਹਨਨ ਨਹੀਂ? ਲੱਖ, ਅਦਾਲਤਾਂ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਫੈਸਲੇ ਦਿੰਦੀਆਂ ਰਹਿਣ, ਅਧਿਕਾਰਾਂ ਦਾ ਹਨਨ ਕਰਨ ਵਾਲੇ ਖਲਨਾਇਕ, ਖਲਨਾਇਕਾਵਾਂ ਦੇਸ਼ ਵਿੱਚ ਹਰ ਥਾਂ ਮੌਜੂਦ ਹਨ, ਸ਼ਾਸ਼ਕਾਂ ਦੇ ਰੂਪ ਵਿੱਚ, ਕਥਿਤ ਸਮਾਜ ਸੁਧਾਰਕਾਂ ਦੇ ਰੂਪ ਵਿੱਚ, ਧੌਂਸ ਧੱਕੇ ਨਾਲ ਦੇਸ਼ ਸਮਾਜ ਨੂੰ ਚਲਾਉਣ ਵਾਲੇ ਕੱਟੜਪੰਥੀ ਲੋਕਾਂ ਦੇ ਰੂਪ ਵਿੱਚ ਵੀ।

ਦੇਸ਼ ਦੇ ਸਿਆਸੀ ਦਲ ਔਰਤਾਂ ਦੀ ਸੁੱਰਖਿਆ ਦੇ ਦਾਅਵੇ ਕਰਦੇ ਹਨ। ਉਹਨਾ ਦੇ ਹਕ ‘ਚ ਘੋਸ਼ਨਾਵਾਂ ਕੀਤੀਆਂ ਜਾਂਦੀਆਂ ਹਨ। ਕਦੇ 33 ਫੀਸਦੀ ਅਤੇ ਕਦੇ 50 ਫੀਸਦੀ ਰਿਜ਼ਰਵੇਸ਼ਨ ਦੇ ਬਿੱਲ ਸੰਸਦ ਵਿੱਚ ਪੇਸ਼ ਕੀਤੇ ਜਾਂਦੇ ਹਨ ਜੋ ਦਹਾਕੇ ਬੀਤਣ ਤੇ ਵੀ ਪਾਸ ਨਹੀਂ ਹੋਏ। ਦੇਸ਼ ਵਿੱਚ ਬਣਿਆ ਨਵਾਂ ਦੁਸ਼ਕਰਮ ਕਾਨੂੰਨ ਔਰਤ ਦਾ ਪਿੱਛਾ ਕਰਨ ਨੂੰ ਗੰਭੀਰ ਅਪਰਾਧ ਗਿਣਦਾ ਹੈ, ਪਰ ਗੁੰਡਾ ਅਨਸਰ ਕਾਲਜਾਂ, ਯੂਨੀਵਰਸਿਟੀਆਂ, ਪਬਲਿਕ ਸਥਾਨਾਂ ਦੇ ਬਾਹਰ ਦਨਦਨਾਉਂਦੇ ਫਿਰਦੇ ਹਨ। ਨਿੱਤ ਇਹੋ ਜਿਹੀਆਂ ਘਟਨਾਵਾਂ ਦੇਸ਼ ਦੇ ਕੋਨੇ ਕੋਨੇ ਵਾਪਰਦੀਆਂ ਹਨ ਕਿ ਸ਼ਰਮ ਨਾਲ ਸਿਰ ਝੁੱਕਦਾ ਹੈ ਸਮਾਜ ਦਾ। ਫਿਲਮੀ ਡਾਇਲਾਗ ਲੜਕੀਆਂ, ਔਰਤਾਂ, ਇਥੋਂ ਤੱਕ ਕਿ ਛੋਟੀਆਂ ਬੱਚੀਆਂ ਦਾ ਵੀ ਪਿੱਛਾ ਕਰਦੇ ਹਨ। ਬਲਾਤਕਾਰ ਦੀਆਂ ਘਟਨਾਵਾਂ ਵੱਧ ਰਹੀਆਂ ਹਨ। 2009-11 ਵਿੱਚ 68000 ਬਲਾਤਕਾਰ ਦੇ ਕੇਸ ਹੋਏ, ਹਾਲਾਂਕਿ ਬਹੁਤੀਆਂ ਨਾ ਮੀਡੀਆ ਸਾਹਮਣੇ ਆਉਂਦੀਆਂ ਹਨ, ਨਾ ਕਾਨੂੰਨ ਸਾਹਮਣੇ ਕਿਉਂਕਿ ਖਾਸ ਕਰਕੇ ਇਲੈਕਟ੍ਰੋਨਿਕ ਮੀਡੀਆ ਇਹੋ ਜਿਹੀਆਂ ਘਟਨਾਵਾਂ ਨੂੰ ਸਹਿਜਤਾ ਅਤੇ ਸੁਹਿਰਦਤਾ ਨਾਲ ਪੇਸ਼ ਨਹੀਂ ਕਰਦਾ ਅਤੇ ਕਾਨੂੰਨ ਵਰ੍ਹਿਆ ਬੱਧੀ ਇਹੋ ਜਿਹੇ ਕੇਸਾਂ ਦਾ ਨਿਪਟਾਰਾ ਕਰਨ ਲਈ ਲਾ ਦਿੰਦਾ ਹੈ। ਇਹਨਾ 68000 ਬਲਾਤਕਾਰ ਕੇਸਾਂ ਵਿੱਚ ਸਿਰਫ 16000 ਨੂੰ ਜੇਲ੍ਹ ਦੀ ਸਜ਼ਾ ਹੋਈ। ਕਿਹੋ ਜਿਹਾ ਵਰਤਾਰਾ ਹੈ ਇਹ ਕਿ ਅਸੀਂ ਲੜਕੀਆਂ, ਔਰਤਾਂ ਨੂੰ ਆਪੋ-ਆਪਣੇ ਵਾੜਿਆਂ ਵਿੱਚ ਕੈਦ ਰੱਖਣਾ ਚਾਹੁੰਦੇ ਹਾਂ? ਵੀ.ਸੀ. ਬਨਾਰਸ ਯੂਨੀਵਰਸਿਟੀ ਦਾ ਇਹ ਹੁਕਮ ਕਿ ਉਹ ਸਤ ਵਜੇ ਤੱਕ ਹੌਸਟਲ ਪੁੱਜ ਜਾਇਆ ਕਰਨ ਕਿਸ ਕਿਸਮ ਦੀ ਜਗੀਰੂ ਸੋਚ ਦੀ ਤਰਜ਼ਮਾਨੀ ਕਰਦਾ ਹੈ? ਅੱਜ ਜਦੋਂ ਇੱਕ ਪਾਸੇ ਬੇਟੀ  ਬਚਾਓ, ਬੇਟੀ ਪੜ੍ਹਾਓ ਦੇ “ਗਗਨਚੁੰਬੀ” ਨਾਹਰੇ ਲੱਗ ਰਹੇ ਹਨ ਸਰਕਾਰ ਵਲੋਂ, ਉਥੇ ਲੜਕੀਆਂ ਨੂੰ ਬਲਗਣਾਂ ‘ਚ ਕੈਦ ਰੱਖਣ ਦੇ ਯਤਨ ਕਿਉਂ ਹੋ ਰਹੇ ਹਨ? ਜੇਕਰ ਯੂਨੀਵਰਸਿਟੀਆਂ ਵਿੱਚ ਸਾਇਬਰ ਲਾਇਬ੍ਰੇਰੀ ਦਸ ਵਜੇ ਤੱਕ ਖੁੱਲ੍ਹਦੀ ਹੈ ਤਾਂ ਲੜਕੀਆਂ ਇਸ ਸਹੂਲਤ ਤੋਂ ਸੱਤ ਵਜੇ ਹੋਸਟਲ ਵਿੱਚ ਭੇਜ ਕੇ ਵਿਰਵੀਆਂ ਕਿਉਂ ਕੀਤੀਆਂ ਜਾ ਰਹੀਆਂ ਹਨ? ਇਸੇ ਸੋਚ ਦਾ ਵਿਰੋਧ ਲੈ ਕੇ ਬਨਾਰਸ ਯੂਨੀਵਰਸਿਟੀ ਦੀਆਂ ਲੜਕੀਆਂ ਅੰਦੋਲਨ ਦੇ ਰਾਹ ਪਈਆਂ- “ਬੇਟੀ ਬਚੇਗੀ, ਤਦੇ ਪੜ੍ਹੇਗੀ ਅਤੇ ਤਾਲਾ ਨਹੀਂ ਰੋਸ਼ਨੀ ਚਾਹੀਦੀ ਹੈ”।

ਸਾਡੇ ਖੋਜ-ਵਿਦਵਾਨ ਇਹ ਮੰਨਦੇ ਹਨ ਕਿ ਹੋਰ ਹਲਕਿਆਂ ‘ਚ ਤਾਂ ਔਰਤਾਂ ਨਾਲ ਸਮਾਜਿਕ ਅਤੇ ਆਰਥਿਕ ਤੌਰ ‘ਤੇ ਭੇਦਭਾਵ ਹੁੰਦਾ ਹੀ ਹੈ, ਪੜ੍ਹਾਈ ਦੇ ਖੇਤਰ ‘ਚ ਵੀ ਉਹਨਾ ਨਾਲ ਭੇਦਭਾਵ ਦੇਸ਼ ਦੇ ਹਰ ਕੋਨੇ ‘ਚ ਵੇਖਣ ਨੂੰ ਮਿਲ ਰਿਹਾ ਹੈ। ਸੰਨ 2011 ਦੀ ਮਰਦਮਸ਼ੁਮਾਰੀ ਅਨੁਸਾਰ 7 ਸਾਲ ਤੋਂ ਉਪਰ ਦੇ ਮਰਦ, ਔਰਤਾਂ, ਮੁੰਡੇ, ਕੁੜੀਆਂ ‘ਚ ਸਾਖਰਤਾ ਦਰ ‘ਚ 17 ਫੀਸਦੀ ਦਾ ਫਰਕ ਹੈ। ਪੜ੍ਹੇ ਮਰਦਾਂ ਦੀ ਸਖਾਰਤਾ ਦਰ 82.14 ਫੀਸਦੀ ਅਤੇ ਔਰਤਾਂ ਦੀ ਸਾਖਰਤਾ  ਦਰ 65.46 ਫੀਸਦੀ ਦਰਜ ਹੋਈ। ਭਾਵੇਂ ਕਿ ਦੇਸ਼ ਦੀ ਰਾਸ਼ਟਰਪਤੀ ਔਰਤ ਰਹੀ, ਇਸ ਵੇਲੇ ਵਿਦੇਸ਼, ਸੂਚਨਾ, ਰੱਖਿਆ ਮੰਤਰੀ, ਸਪੀਕਰ ਲੋਕ ਸਭਾ, ਦਾ ਅਹੁਦਾ ਔਰਤਾਂ ਹੱਥ ਹੈ, ਪਰ ਦੇਸ਼ ਦੀਆਂ ਔਰਤਾਂ ਬਲਾਤਕਾਰ, ਸਮੂਹਕ ਬਲਾਤਕਾਰ, ਤੇਜ਼ਾਬ ਦਾ ਸੁੱਟਣਾ, ਦਾਜ ਦਹੇਜ ਕਾਰਨ ਹੱਤਿਆਵਾਂ, ਮਾਣ ਹਿੱਤ ਹੱਤਿਆਵਾਂ, ਅਤੇ ਜ਼ਬਰੀ ਵੇਸਵਾ ਕਿੱਤਾ ਜਿਹੀਆਂ ਸਮੱਸਿਆਵਾਂ ਨਾਲ ਜੂਝ ਰਹੀਆਂ ਹਨ। ਸਾਲ 2012 ‘ਚ ਥਾਮਸ ਰਿਊਟਰਜ ਫਾਊਡੇਸ਼ਨ ਨੇ ਜੀ-20 ਦੇਸ਼ਾਂ ‘ਚ ਭਾਰਤ ਦੀਆਂ ਔਰਤਾਂ ਦੀ ਹਾਲਤ ਸਭਨਾਂ ਜੀ-20 ਦੇਸ਼ਾਂ ਦੀਆਂ ਔਰਤਾਂ ਨਾਲੋਂ ਭੈੜੀ ਦਿਖਾਈ ਹੈ।

ਛੋਟੀ ਉਮਰੇ ਵਿਆਹ, ਸਤੀ, ਜੌਹਰ, ਪਰਦਾ, ਦੇਵਦਾਸੀ ਜਿਹੀਆਂ ਭੈੜੀਆਂ ਸਮਾਜੀ ਰਵਾਇਤਾਂ ਦਾ ਸ਼ਿਕਾਰ ਹੋ ਚੁੱਕੀ ਅਤੇ ਮਰਦ ਪ੍ਰਧਾਨ ਸਮਾਜ ਦਾ ਹੁਣ ਤੱਕ ਵੀ ਤ੍ਰਿਸਕਾਰ ਸਹਿੰਦੀ ਭਾਰਤੀ ਔਰਤ ਦੇ ਹਾਲਾਤ ਹਾਲੇ ਤੱਕ ਵੀ ਸੁੱਖਾਵੇਂ ਨਹੀਂ ਹੋ ਰਹੇ। ਭਾਵੇਂ ਕਿ ਭਾਰਤੀ ਸੰਵਿਧਾਨ ਦੇ ਆਰਟੀਕਲ 14 ਅਨੁਸਾਰ ਔਰਤਾਂ ਨੂੰ ਮਰਦਾਂ ਦੇ ਬਰੋਬਰ ਹੱਕ ਹਨ, ਆਰਟੀਕਲ 15 (1) ਅਨੁਸਾਰ ਉਸ ਨਾਲ ਮਰਦਾਂ ਮੁਕਾਬਲੇ ਕੋਈ ਵਿਤਕਰਾ ਨਹੀਂ ਕੀਤਾ ਜਾ ਸਕਦਾ, ਆਰਟੀਕਲ 16 ਉਹਨਾ ਨੂੰ ਬਰਾਬਰ ਮੌਕਿਆਂ ਦਾ ਅਧਿਕਾਰ ਦਿੰਦਾ ਹੈ ਬਰਾਬਰ ਦਾ ਕੰਮ ਬਰਾਬਰ ਦੀ ਤਨਖਾਹ ਦਾ ਅਧਿਕਾਰ ਉਸ ਕੋਲ ਸੰਵਿਧਾਨ ਦੇ 39 (ਡੀ) ਅਧੀਨ ਹੈ। ਪਰ ਸਮਾਜਿਕ ਤੌਰ ‘ਤੇ ਹਾਲਤ ਇਹ ਹਨ ਕਿ ਦੇਸ਼ ਦੀਆਂ ਦਸ ਫੀਸਦੀ ਤੋਂ ਵੀ ਘੱਟ ਔਰਤਾਂ ਘਰਾਂ ਦੀਆਂ ਮਾਲਕ ਹਨ ਭਾਵੇਂ ਕਿ ਗਰੀਬੀ ਰੇਖਾ ਤੋਂ ਹੇਠ ਰਹਿਣ ਵਾਲੀਆਂ 35 ਫੀਸਦੀ ਔਰਤਾਂ ਨੂੰ ਸਰਕਾਰ ਵਲੋਂ ਘਰਾਂ ਦੀਆਂ ਮਾਲਕ ਗਿਣਿਆ ਗਿਆ ਹੈ। ਬਹੁਤੇ ਭਾਰਤੀ ਪਰਿਵਾਰਾਂ ਵਿੱਚ ਔਰਤਾਂ ਨੂੰ ਉਹਨਾ ਦੇ ਨਾਮ ਉਤੇ ਜਾਇਦਾਦ ਦਿੱਤੇ ਜਾਣ ਦੀ ਰਵਾਇਤ ਨਹੀਂ। ਵੱਖੋ-ਵੱਖਰੇ ਧਰਮਾਂ, ਕਬੀਲਿਆਂ ‘ਚ ਜਾਇਦਾਦਾਂ ਦੇ  ਮਾਮਲੇ ‘ਚ ਸਥਾਨਿਕ ਪਿਰਤਾਂ ਹਨ, ਜਿਹਨਾਂ ਤਹਿਤ ਔਰਤਾਂ, ਲੜਕੀਆ ਨਾਲ ਫਰਕ ਰੱਖਿਆ ਜਾਂਦਾ ਹੈ ਅਤੇ ਦੇਸ਼ ਦਾ ਕਾਨੂੰਨ, ਰਵਾਇਤਾਂ ਇਸ ਮਾਮਲੇ ‘ਚ ਆਮ ਤੌਰ ਤੇ ਚੁੱਪੀ ਧਾਰੀ ਰੱਖਦੀਆਂ ਹਨ।

3.29 ਮਿਲੀਅਨ ਵਰਗ ਕਿਲੋਮੀਟਰ ‘ਚ ਫੈਲੇ ਭਾਰਤ ਵਿੱਚ ਵੱਖੋ-ਵੱਖਰੇ ਸਭਿਆਚਾਰ, ਧਰਮ, ਰਵਾਇਤਾਂ ਹਨ। ਦੇਸ਼ ਦੇ ਕਈ ਹਿੱਸਿਆ ‘ਚ ਔਰਤਾਂ ਜਿਵੇਂ ਕੇਰਲਾ ‘ਚ ਨੇਅਰ, ਕੁਝ ਮਰਾਠਾ ਕਬੀਲਿਆਂ, ਬੰਗਾਲੀ ਪਰਿਵਾਰਾਂ ‘ਚ ਮਰਦਾਂ ਦੀ ਥਾਂ, ਔਰਤਾਂ ਦੀ ਪ੍ਰਧਾਨਗੀ ਹੈ, ਪਰ ਭਾਰਤ ‘ਚ ਔਰਤਾਂ ਦਾ ਵੱਡਾ ਹਿੱਸਾ ਪੈਦਾ ਹੋਣ ਤੋਂ ਪਹਿਲਾਂ ਪੇਟ ਵਿੱਚ ਹੀ, ਬੱਚੀ ਦੇ ਤੌਰ ‘ਤੇ, ਵਿਆਹ ਉਪਰੰਤ ਅਤੇ ਵਿਧਵਾ ਹੋਣ ਦੀ ਹਾਲਤ ਵਿੱਚ ਬੁਰੀ ਤਰ੍ਹਾਂ ਔਖਿਆਈਆਂ ਦਾ ਸਾਹਮਣਾ ਕਰਦਾ ਹੈ। ਪੇਟ ‘ਚ ਬੱਚੀਆਂ ਮਾਰਨ ਦੀ ਸਥਿਤੀ ਇਹ ਹੈ ਕਿ ਦੇਸ਼ ‘ਚ ਗਿਆਰਾਂ ਮਿਲੀਅਨ ਗਰਭਪਾਤ ਹੁੰਦੇ ਹਨ ਅਤੇ 20,000 ਔਰਤਾਂ ਹਨ ਸਾਲ ਇਸ ਦੌਰਾਨ ਮਰ ਜਾਂਦੀਆਂ ਹਨ। ਬਾਵਜੂਦ ਚਾਈਲਡ ਮੈਰਿਜ ਐਕਟ 2006 ਦੇ ਕਿ 18 ਸਾਲ ਦੀ ਉਮਰ ਤੋਂ ਪਹਿਲਾਂ ਲੜਕੀ ਅਤੇ 21 ਸਾਲ ਦੀ ਉਮਰ ਤੋਂ ਲੜਕੇ ਦਾ ਵਿਆਹ ਨਹੀਂ ਹੋ ਸਕਦਾ, ਯੂਨੀਸੈਫ ਦੀ ਸਟੇਟ ਆਫ ਦੀ ਵਰਲਡ ਚਾਈਲਡ 2009 ਦੀ ਰਿਪੋਰਟ ਅਨੁਸਾਰ 47 ਫੀਸਦੀ ਭਾਰਤੀ ਔਰਤਾਂ ਜਿਹਨਾਂ ਦੀ ਉਮਰ 20 ਤੋਂ 24 ਸਾਲ ਸੀ, ਉਹਨਾ ਦੀ ਸ਼ਾਦੀ 18 ਸਾਲ ਦੀ ਉਮਰ ਤੋਂ ਪਹਿਲਾਂ ਹੋਈ, ਅਤੇ ਇਹਨਾਂ ਵਿਚੋਂ 56 ਫੀਸਦੀ ਔਰਤਾਂ ਪੇਂਡੂ ਸਨ। ਰਿਪੋਰਟ ਇਹ ਵੀ ਦਰਸਾਉਂਦੀ ਹੈ ਕਿ ਦੁਨੀਆਂ ਭਰ ‘ਚ ਹੁੰਦੇ ਇਹੋ ਜਿਹੇ ਵਿਆਹਾਂ ਵਿੱਚ 40 ਫੀਸਦੀ ਭਾਰਤ ਵਿੱਚ ਹੁੰਦੇ ਹਨ।

ਦੇਸ਼ ਦਾ ਅੱਧ, ਔਰਤਾਂ ਨਾਲ ਵਿਤਕਰੇ, ਧੱਕੇ ਦੀਆਂ ਕਹਾਣੀਆਂ ਇਵੇਂ ਹੀ ਜਾਰੀ ਰਹਿੰਦੀਆਂ ਹਨ ਤਾਂ ਦੇਸ਼ ਤਰੱਕੀ ਨਹੀਂ ਕਰ ਸਕੇਗਾ। ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਕਥਨ ਹੈ ਕਿ ਕਿਸੇ ਵੀ ਰਾਸ਼ਟਰ ਦੀ ਦਸ਼ਾ ਉਥੋਂ ਦੀਆਂ ਔਰਤਾਂ ਦੀ ਦਸ਼ਾ ਤੋਂ ਪਰਖੀ ਜਾ ਸਕਦੀ ਹੈ।

ਔਰਤਾਂ ਵਿਰੁੱਧ ਕੀਤੀ ਹਿੰਸਾ ਅਤੇ ਉਹਨਾ ਨੂੰ ਅਪਰਾਧ ਦਾ ਸ਼ਿਕਾਰ ਬਨਾਉਣ ਲਈ ਆਪਣੀ ਤਾਕਤ ਦੀ ਵਰਤੋਂ ਕਰਨਾ ਮਰਦਾਂ ਅਤੇ ਸਮਾਜ ਪ੍ਰਤੀ ਔਰਤਾਂ ਦੇ ਮਨਾਂ ‘ਚ ਨਫਰਤ ਪੈਦਾ ਕਰਨ ਦਾ ਸਾਧਨ ਬਣ ਰਿਹਾ ਹੈ। ਅੱਜ ਔਰਤ ਪਰੰਪਰਾਵਾਂ, ਵਰਣ ਵਿਵਸਥਾ, ਸੰਸਕਾਰਾਂ, ਆਰਥਿਕ, ਉਤਪੀੜਨ, ਨਿੱਜੀ ਸੰਪਤੀ ਦੀ ਬੁਨਿਆਦ ਨਾਲ ਬੁਰੀ ਤਰ੍ਹਾਂ ਪੀੜਤ ਹੈ। ਲੋੜ ਇਸ ਗੱਲ ਦੀ ਹੈ ਕਿ ਮਰਦ ਪ੍ਰਧਾਨ ਸਮਾਜ ਵਿੱਚ ਉਹਨਾ ਪ੍ਰਤੀ ਸੋਚ ਬਦਲੀ ਜਾਏ ਅਤੇ ਉਸ ਸੋਚ ਤੋਂ ਮੁਕਤੀ ਪਾਈ ਜਾਏ, ਜਿਸ ਤਹਿਤ ਉਹਨਾ ਨੂੰ ਹੀਣ ਸਮਝਿਆ ਜਾਂਦਾ ਹੈ ਅਤੇ ਉਹਨਾ ਦਾ ਹਰ ਖੇਤਰ ‘ਚ ਤ੍ਰਿਸਕਾਰ ਕੀਤਾ ਜਾਂਦਾ ਹੈ। ਇੱਕ ਵਿਦਵਾਨ ਦਾ ਕਹਿਣਾ ਹੈ, “ਔਰਤਾਂ ਦਾ ਤ੍ਰਿਸਕਾਰ ਉਹਨਾ ਨੂੰ ਸ਼ਰੀਰਕ  ਅਤੇ ਮਾਨਸਿਕ ਨੁਕਸਾਨ ਤਾਂ ਪਹੁੰਚਾ ਸਕਦਾ ਹੈ, ਪਰ ਉਹਨਾ ਦਾ ਮਨ ਨਹੀਂ ਜਿੱਤ ਸਕਦਾ”।

ਗੁਰਮੀਤ ਪਲਾਹੀ

+91 9815802070