*ਨੈਸ਼ਨਲ ਫੈਡਰੇਸ਼ਨ ਆਫ ਇੰਡੀਅਨ ਅਮਰੀਕਨ ਐਸੋਸੀਏਸ਼ਨ ਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਸਹਿਯੋਗ ਸਦਕਾ ਸਮਾਗਮ ਰਿਹਾ ਕਾਮਯਾਬ

image1
ਵਾਸ਼ਿੰਗਟਨ ਡੀ. ਸੀ. – ਅਮਰੀਕਾ ਦੀ ਅਹਿਮ ਸੰਸਥਾ ਨੈਸ਼ਨਲ ਫੈਡਰੇਸ਼ਨ ਆਫ ਇੰਡੀਅਨ-ਅਮਰੀਕਨ ਐਸੋਸੀਏਸ਼ਨ ਵਲੋਂ ਸਲਾਨਾ ਸਮਾਗਮ ਕੈਪੀਟਲ ਹਿਲ ਰੇਬਨ ਹਾਊਸ ਵਿਖੇ ਕਰਵਾਇਆ ਗਿਆ। ਜਿੱਥੇ ਇਸ ਸਮਾਗਮ ਨੂੰ ਬੀ. ਜੇ. ਪੀ. ਦਾ ਸਹਿਯੋਗ ਪ੍ਰਾਪਤ ਸੀ, ਉੱਥੇ ਭਾਰਤੀ-ਅਮਰੀਕਾ ਦੇ ਸਬੰਧਾਂ ਤੇ ਇਸ ਦੀ ਡੂੰਘੀ ਤੇ ਗੂੜ੍ਹੀ ਦੋਸਤੀ ਸਬੰਧੀ ਅਹਿਮ ਵਿਚਾਰਾਂ ਲਈ ਸੈਨੇਟਰ ਅਤੇ ਕਾਂਗਰਸ ਮੈਨਜ਼ ਵਲੋਂ ਭਰਪੂਰ ਯੋਗਦਾਨ ਪਾਇਆ ਗਿਆ ਹੈ। ਇਸ ਪ੍ਰੋਗਰਾਮ ਦਾ ਸੰਚਾਲਨ ਡਾਕਟਰ ਹਰੀ ਹਰ ਸਿੰਘ ਵਲੋਂ ਬਾਖੂਬ ਨਿਭਾਇਆ ਗਿਆ। ਜਿਨ੍ਹਾਂ ਨੇ ਇਸ ਸੰਸਥਾ ਦੀ ਕਾਰਗੁਜ਼ਾਰੀ ਅਤੇ ਮੈਂਬਰਾਂ ਦੇ ਯੋਗਦਾਨ ਦੀ ਅਹਿਮ ਭੂਮਿਕਾ ਦਾ ਜ਼ਿਕਰ ਕੀਤਾ ।
ਕਾਂਗਰਸ ਵੋਮੈਨ ਬਾਰਬਰਾ ਕੈਮਕਾਸਟ ਨੇ ਕਿਹਾ ਕਿ ਭਾਰਤ ਦੁਨੀਆਂ ਦੀ ਉਭਰਦੀ ਤਾਕਤ ਹੈ ਜਿੱਥੇ ਨਿਵੇਸ਼ ਕਰਨਾ ਲਾਭਦਾਇਕ ਹੈ। ਜਿੱਥੇ ਉੱਥੋਂ ਦੀ ਡੈਮੋਕਰੇਸੀ ਦੀਆਂ ਧੁੰਮਾਂ ਸੰਸਾਰ ਵਿੱਚ ਹਨ, ਉੱਥੇ ਭਾਰਤ-ਅਮਰੀਕਾ ਦੀਆਂ ਆਪਸੀ ਭਾਈਚਾਰਕ ਸਾਂਝ ਦੇ ਨਾਲ ਨਾਲ ਮਲਟੀਕਲਚਰ ਹੋਣ ਕਾਰਨ ਅਮਰੀਕਾ ਨਾਲ ਕਾਫੀ ਸਮਾਨਤਾ ਹੈ ਜਿਸ ਕਰਕੇ ਅਮਰੀਕਾ ਦੇ ਸਬੰਧ ਮਜ਼ਬੂਤ ਹਨ। ਅਮਰੀਕਾ ਨਾਲ ਨਿਵੇਸ਼ ਦੀਆਂ ਅਹਿਮ ਗਤੀਵਿਧੀਆਂ ਜਿਸ ਵਿੱਚ ਫੌਜੀ ਟ੍ਰੇਨਿੰਗ, ਕੰਪਿਊਟਰ, ਹੈਲਥ ਅਤੇ ਟਰਾਂਸਪੋਰਟ ਹੈ ਜਿਸ ਸਦਕਾ ਭਾਰਤ ਤਬਦੀਲੀ ਦੇ ਦੌਰ ਵਿੱਚ ਅਹਿਮ ਸਾਬਤ ਹੋ ਰਿਹਾ ਹੈ। ਡਾ. ਅਡੱਪਾ ਪ੍ਰਸਾਦ ਅਡਵਾਈਜ਼ਰ ਭਾਰਤ ਸਰਕਾਰ ਅਮਰੀਕਾ ਸਥਿਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਸਹੀ ਸੋਚ ਅਤੇ ਦੂਰ ਅੰਦੇਸ਼ੀ ਨੇ ਭਾਰਤ ਨੂੰ ਸੰਸਾਰ ਦੇ ਤੀਸਰੇ ਸਥਾਨ ਤੇ ਆਰਥਿਕ ਪੱਖੋਂ ਅੰਕਿਤ ਕਰ ਦਿੱਤਾ ਹੈ। ਉਨ੍ਹਾਂ ਦੀਆਂ ਅਮਰੀਕਾ ਫੇਰੀਆਂ ਕਰਕੇ ਵੱਡੇ ਪੱਧਰ ਤੇ ਨਿਵੇਸ਼ ਭਾਰਤ ਵਿੱਚ ਹੋਇਆ ਹੈ ਜਿਸ ਸਦਕਾ ਸੰਸਾਰ ਦੇ ਹਰੇਕ ਮੁਲਕ ਦੀਆਂ ਨਜ਼ਰਾਂ ਭਾਰਤ ਤੇ ਟਿਕੀਆਂ ਹੋਈਆਂ ਹਨ। ਸੋ ਭਾਰਤ ਸੰਸਾਰ ਦੀ ਮਜ਼ਬੂਤ ਤਾਕਤ ਹੈ ਜਿਸ ਕਰਕੇ ਭਾਰਤ-ਅਮਰੀਕਾ ਦੇ ਦੋਸਤਾਨਾ ਸਬੰਧਾ ਦੀ ਤਬਦੀਲੀ ਦੀ ਸਿਰਜਣਾ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ।
image3ਸਾਬਕਾ ਡਿਪਟੀ ਸਕੱਤਰ ਰਾਜਨ ਨਟਰਾਜਨ ਨੇ ਕਿਹਾ ਕਿ ਅਮਰੀਕਾ ਦਾ ਰੁਖ ਭਾਰਤ ਵੱਲ ਇਸ ਕਰਕੇ ਹੈ ਕਿਉਂਕਿ ਭਾਰਤ ਦੇ ਪ੍ਰਧਾਨ ਮੰਤਰੀ ਵਲੋਂ ਨਿਵੇਸ਼ ਦੇ ਸਰੋਤ ਖੁਲ੍ਹੇ ਰੱਖੇ ਹੋਏ ਹਨ। ਜਿੱਥੇ ਹਰੇਕ ਖੇਤਰ ਵਿੱਚ ਭਾਰਤ ਦੀ ਪ੍ਰਗਤੀ ਸੰਸਾਰ ਵਿੱਚ ਦਿੱਖ ਵਧਾ ਰਹੀ ਹੈ, ਉੱਥੇ ਭਾਰਤ ਸੁਪਰ ਤਾਕਤ ਵਜੋਂ ਉੱਭਰ ਕੇ ਸਾਹਮਣੇ ਆਇਆ ਹੈ। ਪ੍ਰੋ. ਪ੍ਰਦੀਪ ਕਪੂਰ ਨੇ ਕਿਹਾ ਕਿ ਮੇਰਾ ਸਫਰ ਅੰਬੈਸਡਰ ਵਜੋਂ ਸ਼ੁਰੂ ਹੋਇਆ ਸੀ ਅਤੇ ਅਧਿਆਪਕ ਵਜੋਂ ਅੱਜ ਵੀ ਮੈਰੀਲੈਂਡ ਯੂਨੀਵਰਸਿਟੀ ਵਿੱਚ ਚਲ ਰਿਹਾ ਹੈ। ਭਾਰਤ ਨੇ ਅਨੇਕਾਂ ਖੇਤਰਾਂ ਵਿੱਚ ਮਾਰਕੇ ਮਾਰੇ ਹਨ ਪਰ ਅਜੇ ਵੀ ਬਹੁਤ ਕੁਝ ਕਰਨਾ ਬਾਕੀ ਹੈ ਜਿਸ ਲਈ ਇੰਡੋ-ਅਮਰੀਕਨ ਸੈਂਟਰ ਬਣਾਉਣ ਦੀ ਜਰੂਰਤ ਹੈ ਜਿਸ ਲਈ ਇਸ ਦੀ ਹੋਂਦ ਨੂੰ ਜਲਦੀ ਹੀ ਉਸਾਰਿਆ ਜਾਵੇਗਾ ਤਾਂ ਜੋ ਭਾਰਤੀ ਵੀ ਆਪਣਾ ਨਿਵੇਸ਼ ਆਪਣੇ ਮੁਲਕ ਵਿੱਚ ਕਰ ਸਕਣ।
ਬਲਜਿੰਦਰ ਸਿੰਘ ਸ਼ੰਮੀ ਬੀ. ਜੇ. ਪੀ. ਕਨਵੀਨਰ ਨੇ ਸਿੱਖ ਕਮਿਊਨਿਟੀ ਦੀ ਹਾਜ਼ਰੀ ਲਗਵਾਉਂਦੇ ਕਿਹਾ ਕਿ ਭਾਰਤ ਦੀ ਮਜ਼ਬੂਤੀ ਵਿਦੇਸ਼ਾਂ ਵਿੱਚ ਬੈਠੇ ਭਾਰਤੀਆਂ ਸਦਕਾ ਹੈ ਜੋ ਆਪਣਾ ਯੋਗਦਾਨ ਖੁਲ੍ਹਦਿਲੀ ਨਾਲ ਪਾਉਂਦੇ ਹਨ। ਉਨ੍ਹਾਂ ਸੰਸਥਾ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਸਹਿਯੋਗ ਦੇਣ ਦੀ ਪੇਸ਼ਕਸ਼ ਕੀਤੀ ਜੋ ਸ਼ਲਾਘਾਯੋਗ ਸੀ। ਸਤੀਸ਼ ਕੋਰਬੇ ਨੇ ਕਿਹਾ ਕਿ ਅਮਰੀਕਾ ਵਿੱਚ ਭਾਰਤੀ ਇਹ ਸੰਸਥਾ ੩੭ ਸਾਲ ਪੂਰੇ ਕਰ ਚੁੱਕੀ ਹੈ ਅਤੇ ਨਿਰੰਤਰ ਪਸਾਰਾ ਅਮਰੀਕਾ ਦੀ ਹਰ ਸਟੇਟ ਵਿੱਚ ਕਰ ਚੁੱਕੀ ਹੈ। ਜਿਸ ਸਦਕਾ ਅੱਜ ਦਾ ਇਕੱਠ ਅਤੇ ਵੱਖ-ਵੱਖ ਸਟੇਟਾਂ ਦੀ ਸ਼ਮੂਲੀਅਤ ਗਵਾਹ ਹੈ।
ਉਨ੍ਹਾਂ ਕਿਹਾ ਕਿ ਉਹ ਸਾਰੀਆਂ ਭਾਰਤੀ ਸੰਸਥਾਵਾਂ ਨੂੰ ਇੱਕ ਲੜੀ ਵਿੱਚ ਵੇਖਣਾ ਚਾਹੁੰਦੇ ਹਨ ਅਤੇ ਹਰੇਕ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨ ਨੂੰ ਤਰਜੀਹ ਦੇਣਾ ਪਸੰਦ ਕਰਦੇ ਹਨ। ਅਨੰਦੀ ਨਾਇਕ ਨੇ ਕਿਹਾ ਕਿ ਕਮਿਊਨਿਟੀ ਸੈਂਟਰ ਦੀ ਲੋੜ ਹੈ ਤਾਂ ਜੋ ਅਸੀਂ ਸਾਰੇ ਸਮਾਗਮ ਇੱਕ ਜਗ੍ਹਾ ਕਰਨ ਸਕੀਏ ਤੇ ਨੌਜਵਾਨ ਪੀੜ੍ਹੀ ਨੂੰ ਉਸਾਰੂ ਕੰਮਾਂ ਵੱਲ ਲਗਾ ਸਕੀਏ।
image1 (1)ਇਸ ਸਮਾਗਮ ਵਿੱਚੋਂ ਤਿੰਨ ਕਾਂਗਰਸਮੈਨ ਅਤੇ ਚਾਰ ਸੈਨੇਟਰਾਂ ਨੇ ਹਿੱਸਾ ਲਿਆ ਉਪਰੰਤ ਉੱਘੀਆਂ ਸਖਸ਼ੀਅਤਾਂ ਵਿੱਚ ਅੰਬੈਸੀ ਤੋਂ ਰਜੇਸ਼ ਸਬੋਰਟੋ ਕਮਿਊਨਿਟੀ ਮਨਿਸਟਰ, ਡਾ. ਜੈ ਦੇਬ ਰਾਏ, ਸਦੀਪ ਗੋਰਕਾਸ਼ਕਰ, ਮਿਸਜ਼ ਅਲਕਾ ਬਤਰਾ, ਰਤਨ ਸਿੰਘ, ਡਾ. ਸੁਰਿੰਦਰ ਗਿੱਲ, ਮਿਸਜ ਮੁਸਕਾਨ ਜਿੰਦਲ, ਡਾ. ਸਤੀਸ਼ ਮਿਸ਼ਰਾ, ਐਮੀ ਬੈਰਾ, ਪਾਰਥੀ ਪਿਲੇ, ਮਿਸਜ ਏਨਜਲਾ ਅਨੰਦ ਸ਼ਾਮਲ ਹੋਏ। ਜਿੱਥੇ ਇਹ ਸਮਾਗਮ ਬਹੁਤ ਪ੍ਰਭਾਵਸ਼ਾਲੀ ਰਿਹਾ, ਉੱਥੇ ਸਾਂਝੇ ਤੌਰ ਤੇ ਦੁਪਿਹਰ ਦੇ ਖਾਣੇ ਨੇ ਆਪਸੀ ਤਾਲਮੇਲ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਅੰਤ ਵਿੱਚ ਯਾਦਗਾਰੀ ਵਜੋਂ ਫੋਟੋ ਸੈਸ਼ਨ ਹੋਇਆ ਜੋ ਇਸ ਸਮਾਗਮ ਦੇ ਰੰਗ ਬਿਖੇਰਦਾ ਨਜ਼ਰ ਆਇਆ। ਆਸ ਹੈ ਕਿ ਅਜਿਹੇ ਪ੍ਰੋਗਰਾਮ ਭਾਰਤੀ ਕਮਿਊਨਿਟੀ ਅਤੇ ਅਮਰੀਕਨ ਕਮਿਊਨਿਟੀ ਵਿੱਚ ਤਾਲਮੇਲ ਅਤੇ ਮਜ਼ਬੂਤੀ ਦੇ ਨਾਲ ਨਾਲ ਨਿਵੇਸ਼ ਵਿੱਚ ਵਾਧਾ ਕਰੇਗਾ। ਜੋ ਇਸ ਪ੍ਰੋਗਰਾਮ ਦਾ ਮਨੋਰਥ ਸੀ।