broken roads
ਸੜਕਾਂ ਕਿਸੇ ਖੇਤਰ ਦੀ ਵਿਕਾਸ ਦੀ ਗਤੀ ਨੂੰ ਰਫਤਾਰ, ਰੁਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਆਰਥਿਕ ਤਰੱਕੀ ਵਿੱਚ ਬਹੁਤ ਅਹਿਮ ਭੂਮਿਕਾ ਅਦਾ ਕਰਦੀਆਂ ਹਨ ਅਤੇ ਜੇਕਰ ਸੜਕਾਂ ਦੀ ਹੀ ਖਸਤਾ ਹਾਲਤ ਹੋਵੇ ਤਾਂ ਇਹ ਵਿਕਾਸ ਦੇ ਰਾਹ ਵਿੱਚ ਰੋੜਾ ਵੀ ਬਣਦੀਆਂ ਹਨ। 2015 ਦੇ ਅੰਕੜਿਆਂ ਅਨੁਸਾਰ ਭਾਰਤ ਵਿੱਚ 5,472,144 ਕਿਲੋਮੀਟਰ ਦਾ ਸੜਕ ਨੈੱਟਵਰਕ ਹੈ ਜੋ ਕਿ ਅਮਰੀਕਾ ਤੋਂ ਬਾਦ ਸੰਸਾਰ ਭਰ ਵਿੱਚ ਦੂਜਾ ਸਭ ਤੋਂ ਵੱਡਾ ਸੜਕ ਨੈੱਟਵਰਕ ਹੈ।
ਪੰਜਾਬ ਦੀਆਂ ਸੜਕਾਂ ਨੂੰ ਪੰਜਾਬ ਵਿਕਾਸ ਦੇ ਸਿਰਲੇਖ ਹੇਠ ਬੜਾ ਦਿਖਾਇਆ ਜਾਂਦਾ ਰਿਹਾ ਹੈ ਪਰਤੂੰ ਇਹ ਕੋਈ ਅੱਤ ਕੱਥਨੀ ਨਹੀਂ ਕਿ ਪੰਜਾਬ ਵਿਕਾਸ ਦੇ ਮਾਰੇ ਦਗਮੱਜਿਆਂ ਨੂੰ ਪੰਜਾਬ ਦੀਆਂ ਮੁੱਖ ਸੜਕਾਂ ਨੂੰ ਛੱਡ ਕੇ ਜ਼ਿਆਦਾਤਰ ਲਿੰਕ ਸੜਕਾਂ ਮੂੰਹ ਚਿੜਾ ਰਹੀਆਂ ਹਨ। ਪੰਜਾਬ ਦੀਆਂ ਨਵੀਆਂ ਮੁੱਖ ਸੜਕਾਂ ਜਿੱਥੇ ਉੱਚ ਪੱਧਰ ਦੀਆਂ ਹਨ, ਜਿੰਨਾ ਦਾ ਕੰਮ ਅਜੇ ਬਹੁਤੇ ਸਥਾਨਾਂ ਤੇ ਚੱਲ ਰਿਹਾ ਹੈ ਉੱਥੇ ਹੀ ਲਿੰਕ ਸੜਕਾਂ ਖਸਤਾ ਹਾਲਤ ਚ ਹਨ। ਮੁੱਖ ਸੜਕਾਂ ਦੇ ਰੱਖ ਰਖਾਵ ਦੇ ਮਿਆਰੀ ਹੋਣ ਦੇ ਪਿੱਛੇ ਵੱਡਾ ਕਾਰਨ ਟੋਲ ਪਲਾਜੇ ਵੀ ਹਨ ਕਿਉਂਕਿ ਸੰਬੰਧਤ ਸੜਕ ਤੇ ਕਿਸੇ ਤਰ੍ਹਾਂ ਦੀ ਤੁਰੱਟੀ ਜਲਦੀ ਹੀ ਦਰੁਸੱਤ ਕਰ ਦਿੱਤੀ ਜਾਂਦੀ ਹੈ ਜਦਕਿ ਲਿੰਕ ਸੜਕਾਂ ਦੀ ਜਲਦੀ ਕੋਈ ਸੁਣਵਾਈ ਨਹੀਂ ਹੁੰਦੀ।
ਆਮ ਲੋਕ ਟੋਲ ਪਲਾਜਿਆਂ ਦੀ ਲੁੱਟ ਤੋਂ ਵੀ ਪ੍ਰੇਸ਼ਾਨ ਹਨ ਕਿਉਂਕਿ ਆਮ ਲੋਕਾਂ ਤੇ ਆਣੇ ਬਹਾਨੇ ਕੋਈ ਨਾ ਕੋਈ ਟੈਕਸ ਨਿਰੰਤਰ ਥੋਪਿਆ ਜਾਂਦਾ ਹੈ ਅਤੇ ਸਹੂਲਤ ਦੇ ਨਾਂ ਤੇ ਸਮੱਸਿਆਵਾਂ ਦਾ ਪਰਨਾਲਾ ਉੱੇਥੇ ਦਾ ਉੱਥੇ ਹੀ ਰਹਿੰਦਾ ਹੈ। ਕੁਝ ਅਜਿਹੇ ਮਾਮਲੇ ਵੀ ਸਾਹਮਣੇ ਆਏ ਹਨ ਕਿ ਟੋਲ ਟੈਕਸ ਦੇਣ ਦੇ ਬਾਵਜੂਦ ਸੰਬੰਧਤ ਸੜਕ ਦੀ ਹਾਲਤ ਖਸਤਾ ਹੁੰਦੀ ਹੈ। ਅਜਿਹੇ ਹੀ ਛੱਤੀਸਗੜ੍ਹ ਦੇ ਰਾਏਪੁਰ ਵਿੱਚ ਐੱਨ.ਐੱਚ. 6 ਦੇ ਸੰਬੰਧਤ ਕੇਸ ਦੇ ਵਿੱਚ ਸੁਪਰੀਮ ਕੋਰਟ ਨੇ ਦੇਸ਼ ਦੀਆਂ ਸੜਕਾਂ ਦੀ ਹਾਲਤ ਤੇ ਗੰਭੀਰ ਟਿੱਪਣੀ ਕਰਦੇ ਹੋਏ ਕਿਹਾ ਸੀ ਕਿ ਜੇਕਰ ਸੜਕ ਖਰਾਬ ਹੈ ਤਾਂ ਲੋਕ ਕਿਸੇ ਗੱਲ ਦਾ ਟੋਲ ਟੈਕਸ ਦੇਣ। ਕੋਰਟ ਨੇ ਕਿਹਾ ਕਿ ਅਗਰ ਸੜਕਾਂ ਖਰਾਬ ਹਨ ਤਾਂ ਇਹ ਸਰਕਾਰ ਦੀਆਂ ਨੀਤੀਆਂ ਦੀ ਵਜ੍ਹਾ ਕਰਕੇ ਹਨ।
ਆਮ ਲੋਕਾਂ ਦਾ ਮੱਖ ਸੜਕਾਂ ਨਾਲ ਘੱਟ ਤੇ ਲਿੰਕ ਸੜਕਾਂ ਨਾਲ ਜਿਆਦਾ ਵਾਹ ਵਾਸਤਾ ਪੈਂਦਾ ਹੈ। ਥਾਂ ਥਾਂ ਤੋਂ ਟੁੱਟੀਆਂ ਭੰਨੀਆਂ ਸੜਕਾਂ ਆਮ ਵੇਖਣ ਨੂੰ ਮਿਲਦੀਆਂ ਹਨ। ਕਈ ਸੜਕਾਂ ਦੀ ਹਾਲਤ ਐਨੀ ਮਾੜੀ ਹੁੰਦੀ ਹੈ ਕਿ ਪਤਾ ਹੀ ਨਹੀਂ ਚਲਦਾ ਕਿ ਸੜਕ ਤੇ ਖੱਡੇ ਹਨ ਜਾਂ ਖੱਡਿਆਂ ਚ ਸੜਕ ਹੈ। ਪਿੰਡਾਂ ਅਤੇ ਹੋਰ ਲਿੰਕ ਸੜਕਾਂ ਤੇ ਥਾਂ ਥਾਂ ਤੇ ਪਏ ਖੱਡੇ ਅਣਗਿਣਤ ਦੁਰਘਟਨਾਵਾਂ ਨੂੰ ਸੱਦਾ ਦੇ ਚੁੱਕੇ ਹਨ, ਕਿੰਨੇ ਹੀ ਲੋਕਾਂ ਨੂੰ ਇਹ ਸੜਕਾਂ ਮੌਤ ਦਾ ਦੈਂਤ ਬਣ ਕੇ ਨਿਗਲ ਚੁੱਕੀਆਂ ਹਨ।
ਭਾਰਤੀ ਲੋਕਤੰਤਰ ਵਿੱਚ ਅਜਿਹੀਆਂ ਬਹੁਤੀਆਂ ਉਦਾਹਰਣਾਂ ਵੇਖਣ ਨੂੰ ਮਿਲਦੀਆਂ ਹਨ ਕਿ ਜਦੋਂ ਕਿਸੇ ੳੱਚ ਮੰਤਰੀ ਆਦਿ ਨੇ ਕਿਤੇ ਦੌਰਾ ਕਰਨਾ ਹੁੰਦਾ ਹੈ ਤਾਂ ਸੰਬੰਧਤ ਸੜਕਾਂ, ਸੰਬੰਧਤ ਸਥਾਨ ਦੀ ਦਿਨ ਰਾਤ ਇੱਕ ਕਰਕੇ ਤਤਕਾਲੀ ਕੰਮ ਚਲਾਊ ਦਰੁਸਤੀ ਕਰ ਦਿੱਤੀ ਜਾਂਦੀ ਹੈ ਜੋ ਕਿ ਸਾਡੀ ਵਿਵਸਥਾ ਦੇ ਕਥਿਤ ਚੇਹਰੇ ਨੂੰ ਨੰਗਾ ਕਰਦਾ ਹੈ, ਇਹ ਭਾਰਤੀ ਲੋਕਤੰਤਰ ਦੀ ਤ੍ਰਾਸਦੀ ਹੈ।
ਖਬਰਾਂ ਅਨੁਸਾਰ ਭ੍ਰਿਸ਼ਟਾਚਾਰ ਦਾ ਬੋਲਵਾਲਾ ਸੜਕ ਨਿਰਮਾਣ ਤੇ ਵੀ ਨਜ਼ਰੀ ਆਇਆ ਹੈ, ਕਈ ਵਾਰ ਤਾਂ ਸੜਕ ਬਣੀ ਨੂੰ ਅਜੇ ਥੋੜਾ ਟਾਈਮ ਹੋਇਆ ਹੁੰਦਾ ਹੈ ਕਿ ਉਹ ਟੁੱਟਣੀ ਸ਼ੁਰੂ ਹੋ ਜਾਂਦੀ ਹੈ। ਇਸ ਪਿੱਛੇ ਸੰਬੰਧਤ ਵਿਭਾਗ ਜਾਂ ਠੇਕੇਦਾਰ ਵੱਲੋਂ ਮਿਆਰੀ ਪੱਧਰ ਤੋਂ ਹੇਠਾਂ ਕੀਤਾ ਗਿਆ ਸੜਕ ਨਿਰਮਾਣ ਦਾ ਕੰਮ ਹੁੰਦਾ ਹੈ। ਜ਼ਿਆਦਾਤਰ ਸੜਕ ਦਾ ਘਟੀਆ ਨਿਰਮਾਣ ਸਿੱਧ ਹੋਣ ਤੇ ਸੰਬੰਧਤ ਠੇਕੇਦਾਰ ਆਦਿ ਨੂੰ ਤਲਬ ਕਰਕੇ ਚੇਤਾਵਨੀ ਦੇ ਕੇ ਜਾਂ ਥੋੜਾ ਬਹੁਤ ਜ਼ੁਰਮਾਨਾ ਲਾ ਕੇ ਛੱਡ ਦਿੱਤਾ ਜਾਂਦਾ ਹੈ। ਲਿੰਕ ਸੜਕਾਂ ਦੀ ਖਸਤਾ ਹਾਲਤ ਹੋਣ ਪਿੱਛੇ ਇੱਕ ਇਹ ਵੀ ਕਾਰਨ ਹੈ ਕਿ ਕਈ ਵਾਰ ਵੱਖਰੇ ਵੱਖਰੇ ਵਿਭਾਗ, ਲੋਕ ਆਪਣੇ ਕੰਮ ਦੀ ਪੂਰਤੀ ਲਈ ਸੜਕਾਂ ਦੀ ਭੰਨ ਤੋੜ ਜਾਂ ਪੁਟਾਈ ਕਰਦੇ ਹਨ, ਪਰੰਤੂ ਬਾਦ ਵਿੱਚ ਉਸਦੀ ਦਰੁਸੱਤੀ ਨਹੀਂ ਕੀਤੀ ਜਾਂਦੀ।
ਬੇਸ਼ੱਕ ਸਮੇਂ ਦੇ ਨਾਲ ਨਾਲ ਸੜਕਾਂ ਦੇ ਨਿਰਮਾਣ ਅਤੇ ਇਸਦੇ ਰੱਖ ਰਖਾਉ ਦੇ ਸੰਬੰਧ ਵਿੱਚ ਬੜੇ ਸੁਧਾਰ ਆਏ ਹਨ ਪਰੰਤੂ ਅਜੇ ਵੀ ਇਸ ਖੇਤਰ ਵਿੱਚ ਹੋਰ ਕੰਮ ਕਰਨ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ। ਲੋੜ ਹੈ ਸੜਕ ਨਿਰਮਾਣ ਵਿੱਚ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਅਤੇ ਜ਼ਰੂਰਤ ਅਨੁਸਾਰ ਸੜਕਾਂ ਦੀ ਸਮੇਂ ਸਮੇਂ ਤੇ ਦਰੁਸੱਤੀ ਕਰਨ ਦੀ ਤਾਂ ਜੋ ਕੋਈ ਜਾਨ ਅਜਾਈਂ ਨਾ ਜਾਵੇ ਅਤੇ ਭਾਰਤ ਦੇ ਵਿਕਾਸ ਦੀ ਰਫ਼ਤਾਰ ਨੂੰ ਟੁੱਟੀਆਂ ਸੜਕਾਂ ਧੀਮਾ ਨਾ ਕਰਨ।

ਗੋਬਿੰਦਰ ਸਿੰਘ ਢੀਂਡਸਾ

+91 92560-66000