NZ PIC 30 April-1
(ਵਿਕਰਮ ਨਾਗਪਾਲ ਟੈਨਿਸ ਵਿਚ ਜਿੱਤੇ ਗੋਲਡ ਮੈਡਲ ਨਾਲ)

 
ਨਿਊਜ਼ੀਲੈਂਡ ਦੇ ਵਿਚ 9ਵੀਂਆਂ ‘ਵਰਲਡ ਮਾਸਟਰਜ਼ ਗੇਮਜ਼’ 21 ਅਪ੍ਰੈਲ ਤੋਂ ਲੈ ਕੇ ਅੱਜ 30 ਅਪ੍ਰੈਲ ਨੂੰ ਸ਼ਾਮ 7 ਵਜੇ ਇਕ ਵੱਡੇ ਸਮਾਗਮ ਬਾਅਦ ਖਤਮ ਹੋ ਗਈਆਂ। ਇਨ੍ਹਾਂ ਖੇਡਾਂ ਦੇ ਵਿਚ ਭਾਰਤ ਤੋਂ ਆਏ ਖਿਡਾਰੀਆਂ ਅਤੇ ਨਿਊਜ਼ੀਲੈਂਡ ਵਸਦੇ ਖਿਡਾਰੀਆਂ ਨੇ ਭਾਗ ਲਿਆ। ਤਮਗਿਆਂ ਦੀ ਗਿਣਤੀ ਅਜੇ ਕੀਤੀ ਜਾਣੀ ਹੈ ਪਰ ਅੱਜ ਨਿਊਜ਼ੀਲੈਂਡ ਵਸਦੇ ਭਾਰਤੀ ਬਿਜ਼ਨਸ ਮੈਨ ਸ੍ਰੀ ਵਿਕਰਮ ਨਾਗਪਾਲ ਹੋਰਾਂ ਨੇ ਡਬਲ ਟੈਨਿਸ ਦੇ ਵਿਚ ਆਸਟਰੇਲੀਆ ਦੀ ਟੀਮ ਨੂੰ 7-6, 6-3 ਦੇ ਸੈਟ ਨਾਲ ਜਿੱਤ ਕੇ ਸੋਨੇ ਦਾ ਤਮਗਾ ਹਾਸਿਲ ਕੀਤਾ। ਇਹ ਟੈਨਿਸ ਦੇ ਮੁਕਾਬਲੇ 40 ਤੋਂ ਉਪਰ ਵਾਲੇ ਉਮਰ ਵਰਗ ਦੇ ਹੋਏ ਸਨ। ਸ੍ਰੀ ਵਿਕਰਮ ਨਾਗਪਾਲ ਰਾਇਲ ਔਕ ਕਲੱਬ ਦੇ ਵਿਚ ਟੈਨਿਸ ਦੇ ਪੱਕੇ ਖਿਡਾਰੀ ਹਨ ਅਤੇ ਉਨ੍ਹਾਂ ਦੀ ਜ਼ਿੰਦਗੀ ਦਾ ਇਹ ਪਹਿਲਾ ਗੋਲਡ ਮੈਡਲ ਹੈ। ਅੱਜ ਪਿਛਲੇ 10 ਦਿਨਾਂ ਤੋਂ ਚੱਲ ਰਹੀਆਂ ਮਾਸਟਰਜ਼ ਗੇਮਜ਼ ਬੜੇ ਸ਼ਾਨੌ-ਸ਼ੌਕਿਤ ਤਰੀਕੇ ਨਾਲ ਸਮਾਪਤ ਹੋ ਗਈਆਂ। ਅਗਲੀਆਂ ਮਾਸਟਰਜ਼ ਗੇਮਾਂ ਸੰਨ 2021 ‘ਚ ਜਾਪਾਨ ਦੇ ਸ਼ਹਿਰ ਕਨਸਾਇ ਵਿਖੇ 15 ਮਈ ਤੋਂ 30 ਮਈ ਤੱਕ ਹੋਣਗੀਆਂ। ਜਾਪਾਨੀ ਖਿਡਾਰੀਆਂ ਨੇ ਡਰੱਮ ਵਜਾ ਕੇ ਅਗਲੀਆਂ ਮਾਸਟਰਜ਼ ਗੇਮਜ਼ ਨੂੰ ਜੀ ਆਇਆਂ ਆਖਿਆ। ਵਰਨਣਯੋਗ ਹੈ ਕਿ ਕੋਬੇ (ਕਨਸਾਇ) ਦੇ ਵਿਚ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਵੀ ਸਥਾਪਿਤ ਹੈ। ਅੱਜ ਗੁਰਦੁਆਰਾ ਸਾਹਿਬ ਵਿਖੇ ਇਸ ਪੱਤਰਕਾਰ ਨੇ ਫੋਨ ਉਤੇ ਗ੍ਰੰਥੀ ਸਿੰਘ ਦੇ ਨਾਲ ਗੱਲਬਾਤ ਕੀਤੀ। ਉਹ ਇੰਡੀਆ ਤੋਂ ਨਵੇਂ ਆਏ ਸਨ ਅਤੇ ਉਨ੍ਹਾਂ ਨੂੰ ਜਿਆਦਾ ਭੂਗੋਲਿਕ ਜਾਣਕਾਰੀ ਨਹੀਂ ਸੀ। ਜੇਕਰ 2021 ਦੇ ਵਿਚ ਉਥੇ ਭਾਰਤੀ ਜਾਂ ਪੰਜਾਬੀ ਖੇਡਣ ਜਾਂਦੇ ਹਨ ਤਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨੇ  ਇਸ ਯਾਤਰਾ ਨੂੰ ਹੋਰ ਸੰਤੁਸ਼ਟੀ ਭਰਿਆ ਹੋਵੇਗਾ।