NZ PIC 28 April-1 B
(ਨਿਊਜ਼ੀਲੈਂਡ ਵਸਦੇ ਸਿੱਕਾ ਪਰਿਵਾਰ ਮਾਤਾ ਮਾਨ ਕੌਰ ਨੂੰ 51,000 ਰੁਪਏ ਦਾ ਚੈਕ ਭੇਟ ਕਰਦਾ ਹੋਇਆ। ਨਾਲ ਖੜ੍ਹੇ ਹਨ ਮਾਤਾ ਜੀ ਦੇ ਸਪੁੱਤਰ ਸ. ਗੁਰਦੇਵ ਸਿੰਘ)

ਤੰਦਰੁਸਤੀ ਭਰੀ ਵਡੇਰੀ ਉਮਰ ਜੇਕਰ ਖਿਡਾਰੀਆਂ ਵਰਗਾ ਜੀਵਨ ਜੀਅ ਰਹੀ ਹੋਵੇ ਤਾਂ ਸੱਚਮੁੱਚ ਇਹ ਨਵੀਂ ਪੀੜ੍ਹੀ ਲਈ ਆਦਰਸ਼ ਅਤੇ ਰੋਲ ਮਾਡਲ ਹੈ। ਚੰਡੀਗੜ੍ਹ ਤੋਂ ਪੁੱਜੀ 101 ਸਾਲਾ ਮਾਤਾ ਮਾਨ ਕੌਰ ਜਿਨ੍ਹਾਂ ਨੇ ਕ੍ਰਮਵਾਰ 100 ਮੀਟਰ, 200 ਮੀਟਰ, ਜੈਵਲਿਨ ਥ੍ਰੋਅ ਅਤੇ ਸ਼ਾਟ ਪੁੱਟ ਦੇ ਵਿਚ ਚਾਰ ਸੋਨ ਤਮਗੇ ਜਿੱਤੇ ਹਨ, ਨੂੰ ਭਾਰਤੀ ਭਾਈਚਾਰਾ ਹੱਥਾਂ ‘ਤੇ ਚੁੱਕ ਰਿਹਾ ਹੈ। ਇਸ ਤੋਂ ਪਹਿਲਾਂ ਕਿ ਕੋਈ ਸੰਸਥਾ ਸਨਮਾਨ ਕਰੇ ਪਹਿਲਾ ਮੌਕਾ ਬੀਤੀ ਰਾਤ ਹੈਂਡਰਸਨ ਪੁਲਿਸ ਅਤੇ ਪੁਲਿਸ ਅਫਸਰ ਮੰਦੀਪ ਕੌਰ ਲੈ ਗਈ ਅਤੇ ਅੱਜ ਦੂਜਾ ਮੌਕਾ ਨਿਊਜ਼ੀਲੈਂਡ ਵਸਦਾ ਸਿੱਕਾ ਪਰਿਵਾਰ ਲੈ ਲਿਆ। ਸਲੰਬਰ ਜ਼ੋਨ (ਸੁੱਖ ਦੀ ਨੀਂਦ ਜ਼ੋਨ) ਨਾਂਅ ਹੇਠ ਸੌਣ ਵਾਲੇ ਬੈਡ ਬਨਾਉਣ ਦਾ ਬਿਜਨਸ ਕਰਦੇ ਸ੍ਰੀ ਰੰਜੇ ਸਿੱਕਾ (ਐਮ.ਡੀ.) ਅਤੇ ਉਨ੍ਹਾਂ ਦੀ ਧਰਮ ਪਤਨੀ ਹੀਨਾ ਸਿੱਕਾ (ਬੈਡਮਿੰਟਨ ਖਿਡਾਰੀ) ਨੇ ਮਾਤਾ ਜੀ ਦੇ ਜੀਵਨ ਅਤੇ ਖੇਡ ਗਤੀਵਿਧੀਆਂ ਤੋਂ ਪ੍ਰਭਾਵਿਤ ਹੋ ਕੇ ਅੱਜ ਉਨ੍ਹਾਂ ਦੇ ਸਨਮਾਨ ਵਿਚ ਰਾਤਰੀ ਭੋਜ ਦਾ ਆਯੋਜਨ ਕੀਤਾ। ਸਿੱਕਾ ਪਰਿਵਾਰ ਵੱਲੋਂ ਮਾਤਾ ਜੀ ਨੂੰ ਸਤਿਕਾਰ ਵਜੋਂ ਸੁੰਦਰ ਸ਼ਾਲ ਅਤੇ 51,000 ਰੁਪਏ ਦਾ ਚੈਕ ਭੇਟ ਕੀਤਾ। ਮਾਤਾ ਜੀ ਦੇ ਸਪੁੱਤਰ ਸ. ਗੁਰਦੇਵ ਸਿੰਘ (79) ਨੇ ਵੀ ਦੋ ਕਾਂਸੀ ਦੇ ਤਮਗੇ ਜਿੱਤ ਕੇ ਭਾਰਤ ਦਾ ਨਾਂਅ ਰੌਸ਼ਨ ਕੀਤਾ ਹੈ।
ਸਿੱਕਾ ਪਰਿਵਾਰ ਨੇ ਚੁਣੀਂਦਾ ਮਹਿਮਾਨਾਂ ਅਤੇ ਪੰਜਾਬੀ ਮੀਡੀਆ ਕਰਮੀਆਂ ਦੇ ਸਹਿਯੋਗ ਸਦਕਾ ਇਸ ਸਮਾਗਮ ਨੂੰ ‘ਦਾਦੀ ਜੀ ਦੇ ਨੁਸਖਿਆਂ’ ਵਿਚ ਬਦਲ ਦਿੱਤਾ। ਮਾਤਾ ਮਾਨ ਕੌਰ ਨੇ ਆਪਣੀ ਸਿਹਤ ਦੇ ਰਾਜ ਪਹਿਲਾਂ ਵੀ ਦੱਸੇ ਸੀ ਅਤੇ ਅੱਜ ਦੁਬਾਰਾ ਦੱਸੇ ਜਿਨ੍ਹਾਂ ਨੂੰ ਕਈਆਂ ਨੇ ਅਪਨਾਉਣਾ ਸ਼ੁਰੂ ਵੀ ਕਰ ਦਿੱਤਾ ਹੈ। ਰੇਡੀਓ ਸਪਾਈਸ ਤੋਂ ਸ੍ਰੀ ਨਵਤੇਜ ਰੰਧਾਵਾ  ਨੇ ਆਏ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਆਖਿਆਂ। ਉਨ੍ਹਾਂ ਕ੍ਰਮਵਾਰ ਸ੍ਰੀ ਵਿਕਰਮ, ਹਰਪਾਲ ਸਿੰਘ ਲੋਹੀ, ਰਣਬੀਰ ਸਿੰਘ ਪਾਬਲਾ, ਮੰਦੀਪ ਕੌਰ, ਬਲਰਾਜ ਸਿੰਘ, ਸ. ਖੜਗ ਸਿੰਘ, ਸ੍ਰੀ ਰੰਜੇ ਸਿੱਕਾ ਅਤੇ ਕਈ ਹੋਰ ਬੁਲਾਰਿਆਂ ਨੇ ਮਾਤਾ ਜੀ ਤੋਂ ਪ੍ਰੇਰਿਤ ਹੋ ਕੇ ਆਪਣੇ ਵਿਚਾਰ ਰੱਖੇ।
ਨਿਊਜ਼ੀਲੈਂਡ ਪੰਜਾਬੀ ਮੀਡੀਆ ਕਰਮੀਆਂ ਵੱਲੋਂ ਮਾਤਾ ਜੀ ਦੇ ਸਨਮਾਨ ਵਿਚ ਇਕ ਸਨਮਾਨ ਪੱਤਰ ਭੇਟ ਕੀਤਾ ਗਿਆ।