panthak-talmel-committee

ਸਿੱਖ ਕੌਮ ਦੀਆਂ ਮਾਣਮੱਤੀਆਂ ਸੰਸਥਾਵਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਨਾਮਧਾਰੀ ਮੁਖੀ ਦਲੀਪ ਸਿੰਘ ਧੜੇ ਵਲੋਂ ਖਾਲਸਾ ਮਰਿਯਾਦਾ ਦਾ ਉਲੰਘਣ ਕਰਕੇ ਤਿਆਰ ਕੀਤੀ ਖੰਡੇ ਬਾਟੇ ਦੀ ਪਾਹੁਲ ਨੂੰ ਕੋਝੀ ਸ਼ਰਾਰਤ ਤੇ ਸਾਜਿਸ਼ ਦਾ ਹਿੱਸਾ ਮੰਨਿਆ ਹੈ। ਉਹਨਾਂ ਕਿਹਾ ਇਸ ਪਿੱਛੇ ਸਿੱਖ ਕੌਮ ਦੇ ਨਿਆਰੇਪਨ ਨੂੰ ਵੰਗਾਰਨ ਵਾਲੀਆਂ ਪੰਥ-ਦੋਖੀ ਸ਼ਕਤੀਆਂ ਦੀ ਸ਼ੈਅ ਹੈ। ਇਸ ਤੋਂ ਵੱਡਾ ਸਬੂਤ ਕੀ ਹੋ ਸਕਦਾ ਹੈ ਕਿ ਪਾਹੁਲ ਤਿਆਰ ਕਰਦੇ ਸਮੇਂ ਹਵਨ ਕੀਤਾ ਗਿਆ ਹੈ। ਸੱਤ ਬੀਬੀਆਂ ਨੂੰ ਸ਼ਾਮਲ ਕਰਕੇ ਪੰਜ ਪਿਆਰਿਆਂ ਦੇ ਸਿਧਾਂਤ ਨੂੰ ਵੰਗਾਰਿਆ ਹੈ।
ਇਹ ਸਭ ਕੁਝ ਉਦੋਂ ਹੋ ਰਿਹਾ ਹੈ ਜਦੋਂ ਪੰਥ-ਦੋਖੀ ਸ਼ਕਤੀਆਂ ਆਪਣਾ ਤਾਣ ਲਾ ਕੇ ਸ੍ਰੀ ਅਕਾਲ ਤਖਤ ਸਾਹਿਬ, ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸਿੱਖ ਸੰਸਥਾਵਾਂ ਨੂੰ ਆਪਣੇ ਪਾਲ਼ੇ ਮਨਸੂਬੇ ਅਨੁਸਾਰ ਚਲਾਉਣ ਵਿਚ ਕਾਮਯਾਬ ਹੋ ਰਹੀਆਂ ਹਨ। ਪਰ ਸਿੱਖ ਕੌਮ ਫਿਰ ਵੀ ਵਿਸ਼ਵ ਪੱਧਰ’ਤੇ ਨਾਮਣਾ ਖੱਟਣ ਵੱਲ ਵਧ ਰਹੀ ਹੈ। ਤਾਜ਼ਾ ਮਿਸਾਲਾਂ ਹਨ ਕਿ ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਨੇ ਖਾਲਸਾਈ ਚਿੰਨਾ੍ਹਂ ਵਾਲੀ ਕਰੰਸੀ ਜਾਰੀ ਕੀਤੀ ਹੈ। ਅਮਰੀਕਾ ਦੇ ਇੰਡੀਆਨਾ ਸਟੇਟ ਦੀ ਅਸੈਂਬਲੀ ਨੇ ਸਿੱਖ ਕੌਮੀਅਤ ਨੂੰ ਮਾਨਤਾ ਦਿੰਦੇ ਹੋਏ ਮਤਾ ਪਾਸ ਕੀਤਾ ਹੈ ਕਿ ਸਿੱਖ ਕੌਮ ਮਾਨਵ-ਪੱਖੀ ਅਸੂਲਨ ਕੌਮ ਹੈ। ਅਮਰੀਕਾ ਦੇ ਉਪ-ਪ੍ਰਧਾਨ ਸ੍ਰੀ ਮਾਈਕ ਪੈਸ ਅਤੇ ਇੰਡੀਆਨਾ ਸੂਬੇ ਦੇ ਮੌਜੂਦਾ ਗਵਰਨਰ ਸੂਜੈਨ ਕਰੋਚ ਸਿੱਖ ਕੌਮ ਤੋਂ ਸ਼ੁਭ ਇਛਾਵਾਂ ਹਾਂਸਲ ਕਰ ਰਹੇ ਹਨ। ਹੋਰ ਬਹੁਤ ਸਾਰੇ ਦੇਸ਼ ਵੀ ਸਿੱਖ ਕੌਮ ਨੂੰ ਮਾਣ ਦੇਣ ਦੀ ਦਿਸ਼ਾ ਵਲ ਵਧ ਰਹੇ ਹਨ। ਪਰ ਪੰਜਾਬ ਦੀ ਸੱਤਾ’ਤੇ ਕਾਬਜ਼ ਬਣਾਈ ਰੱਖਣ ਵਾਲੀਆਂ ਲਾਲਸੀ ਧਿਰਾਂ ਨੂੰ ਅਤੇ ਸਿੱਖ ਵਿਰੋਧੀ ਧਿਰਾਂ ਨੂੰ ਸਭ ਕੁਝ ਹਜ਼ਮ ਨਹੀਂ ਹੋ ਰਿਹਾ ਹੈ। ਕਿਉਂਕਿ ਜਿਵੇਂ ਜਿਵੇਂ ਕੌਮ ਸੂਝਵਾਨ ਹੋ ਰਹੀ ਹੈ ਉਵੇਂ ਉਵੇਂ ਚਲਾਕ ਸਿਆਸੀ ਧਿਰਾਂ ਦੀ ਸੱਤਾ ਤੋਂ ਦੂਰੀ ਬਣਨੀ ਤੈਅ ਹੋ ਰਹੀ ਹੈ। ਜਿਸ ਲਈ ਉਹ ਕੌਮ ਨੂੰ ਵਿਸ਼ਵ ਅੰਦਰ ਵੀ ਉਲਝਾਉਣ ਲਈ ਹਥਕੰਡੇ ਅਪਣਾ ਰਹੀਆਂ ਹਨ। ਜਿਸ ਦਾ ਸਿੱਖ ਕੌਮ ਮੂੰਹ ਤੋੜਵਾਂ ਜਵਾਬ ਦੇਵੇਗੀ ਅਤੇ ਕਿਸੇ ਨੂੰ ਵੀ ਖਿਲਵਾੜ ਕਰਨ ਦੀ ਆਗਿਆ ਨਹੀਂ ਦੇਵੇਗੀ।