ਜੋ ਭਾਵੇਂ ਕਰਤਾਰ ਦੀ ਥਾਂ ਜੋ ਭਾਵੇਂ ਮੁਖ਼ਤਿਆਰ ਦਾ ਯੁੱਗ ਆ ਗਿਆ ਹੈ। ਤੇਜੀ ਨਾਲ ਹੋ ਰਹੇ ਜਮਾਨੇ ਦੇ ਬਦਲਾਅ ‘ਚ ਇਹ ਬਦਲਾਅ ਹੋਣਾ ਵੀ ਲਾਜਮੀ ਸੀ। ਕਰਤਾਰ ਦੇ ਭਾਣੇ ਨੂੰ ਮੰਨਣ ਵਾਲੇ ਅੱਜ ਕੱਲ੍ਹ ਖ਼ੁਦ ਮੁਖ਼ਤਿਆਰ ਬਣ ਗਏ ਹਨ ਤੇ ਫੇਰ ਭਾਵਨਾਵਾਂ ‘ਚ ਮੁਖ਼ਤਿਆਰੀ ਝਾਕਣੀ ਵੀਂ ਲਾਜਮੀ ਸੀ। ਜਿਨ੍ਹਾਂ ਚਿਰ ਕੋਈ ਨੇਤਾ, ਪ੍ਰਚਾਰਕ, ਲਿਖਾਰੀ, ਪੱਤਰਕਾਰ ਜਾਂ ਬੁੱਧੀਜੀਵੀ ਤੁਹਾਡੀ ਭਾਸ਼ਾ ਬੋਲਦਾ ਹੈ ਤਾਂ ਉਹ ਸਭਨਾਂ ਦਾ ਚਹੇਤਾ ਹੁੰਦਾ ਹੈ ਤੇ ਜਦੋਂ ਕਦੇ ਉਹ ਸੱਚ ਬੋਲ ਬੈਠੇ ਤਾਂ ਫੇਰ ਅੱਜ ਦੇ ਮੁਖ਼ਤਿਆਰਾਂ ਨੂੰ ਉਸ ਦੀ ਰੜਕ ਮਹਿਸੂਸ ਹੋਣ ਲਗਦੀ ਹੈ। ਇਨਸਾਨੀ ਫ਼ਿਤਰਤ ਬਣ ਗਈ ਹੈ ਕਿ ਕਿਸੇ ਦੀ ਉੱਨੀ ਕੁ ਗੱਲ ਮੰਨੋ ਜਿੰਨੀ ਬਿਨ ਸਰਦਾ ਨਹੀਂ ਜਾਂ ਫੇਰ ਉੱਨੀ ਦੇਰ ਮੰਨੋ ਜਿੰਨੀ ਕੁ ਦੇਰ ਉਹ ਤੁਹਾਨੂੰ ਖ਼ੁਸ਼ ਕਰਨ ਲਈ ਤੁਹਾਡੇ ਮੁਤਾਬਿਕ ਗੱਲਾਂ ਕਰ ਰਿਹਾ ਹੋਵੇ। ਹਾਂ ਜੇ ਕਿਧਰੇ ਉਸ ਨੇ ਤੁਹਾਨੂੰ ਸੱਚ ਦਾ ਸ਼ੀਸ਼ਾ ਦਿਖਾਉਣ ਦੀ ਗੁਸਤਾਖ਼ੀ ਕਰ ਲਈ ਤਾਂ ਨਾਲ ਦੀ ਨਾਲ ਅੱਖਾਂ ਤੋਂ ਉਤਾਰ ਕੇ ਪੈਰਾਂ ਹੇਠ ਮਧੋਲ਼ ਦਿਓ।
ਇਹੋ ਜਿਹੇ ਵਰਤਾਰੇ ਕਈ ਚਿਰਾਂ ਤੋਂ ਹੁੰਦੇ ਦੇਖ ਰਹੇ ਹਾਂ। ਸਿੱਖ ਕੌਮ ਦੇ ਵਿਚ ਵੇਲੇ-ਵੇਲੇ ਸਿਰ ਚਿੰਤਕ ਪੈਦਾ ਹੁੰਦੇ ਰਹੇ ਹਨ। ਪਰ ਇਹ ਗੱਲ ਵੱਖਰੀ ਹੈ ਕਿ ਉਨ੍ਹਾਂ ਨੂੰ ਪੂਰਨ ਪ੍ਰਮਾਣਿਕਤਾ ਨਹੀਂ ਮਿਲੀ। ਪਰ ਹੁਣ ਕੁਝ ਕੁ ਵਿਦਵਾਨਾਂ ਦੇ ਸਮਰਪਣ ਨੂੰ ਦੇਖ ਕੇ ਇਕ ਹੋਰ ਆਸ ਦੀ ਕਿਰਨ ਜਾਗੀ ਸੀ। ਜਿਨ੍ਹਾਂ ਵਿਚੋਂ ਇਕ ਨਾਂ ਸ. ਅਜਮੇਰ ਸਿੰਘ ਦਾ ਆਉਂਦਾ ਹੈ। ਇਹ ਚਿੰਤਕ ਜ਼ਿੰਦਗੀ ਦੀ ਚੱਕੀ ‘ਚ ਆਮ ਨਾਲੋਂ ਕੁਝ ਜ਼ਿਆਦਾ ਹੀ ਬਰੀਕ ਪੀਸਿਆ ਗਿਆ। ਜਦੋਂ ਆਪਣੀ ਮਹਿਕ ਵਖੇਰਨ ਲੱਗਿਆ ਤਾਂ ਕੌਮ ਨੇ ਹੱਥਾਂ ਤੇ ਚੁੱਕ ਲਿਆ। ਬੇਬਾਕੀ ਅਤੇ ਸੱਚ ਦੇ ਨੇੜਲੀ ਸਾਂਝ ਨੇ ਉਨ੍ਹਾਂ ਨੂੰ ਜਿੱਥੇ ਉਮਰ ਦਰਾਜ ਲੋਕਾਂ ਨੇ ਚਾਹਿਆ ਉੱਥੇ ਨੌਜਵਾਨਾਂ ਨੇ ਉਨ੍ਹਾਂ ਨੂੰ ਰੱਜ ਕੇ ਪੜ੍ਹਿਆ, ਸੁਣਿਆ, ਸਤਿਕਾਰਿਆ ਤੇ ਮਹਿਫ਼ਲਾਂ ‘ਚ ਉਨ੍ਹਾਂ ਦੀਆਂ ਉਧਾਰਨਾ ਦੇ-ਦੇ ਕੇ ਵਾਹ-ਵਾਹ ਖੱਟੀ। ਸੱਚ ਸੁਣਨਾ ਹਰ ਇਕ ਦੀ ਪਸੰਦ ਹੈ ਪਰ ਉੱਥੋਂ ਤੱਕ ਜਿੱਥੋਂ ਤੱਕ ਸੱਚ ਤੁਹਾਡੇ ਹਉਮੈਂ ਦੀ ਕੰਧ ਨਾ ਟੱਪੇ। ਜਦੋਂ ਤੱਕ ਤਾਂ ਸ ਅਜਮੇਰ ਸਿੰਘ ਕੌਮ ਦੇ ਮਸਲਿਆਂ ਦਾ ਦੂਜਾ ਪੱਖ ਸੁਣਾਉਂਦੇ ਰਹੇ ਉੱਨੀ ਦੇਰ ਤਾਂ ਵਾਹ ਜੀ ਵਾਹ ਹੁੰਦੀ ਰਹੀ। ਪਰ ਜਦੋਂ ਉਨ੍ਹਾਂ ਆਪਣਿਆਂ ਦੀ ਪੀੜ੍ਹੀ ਹੇਠ ਸੋਟਾ ਮਾਰਿਆ ਤਾਂ ਬੌਖਲਾਹਟ ਮੱਚ ਗਈ। ਬੋਲਿਆ ਤੇ ਲਿਖਿਆ ਉਨ੍ਹਾਂ ਪਹਿਲਾ ਵੀ ਸੱਚ ਸੀ ਤੇ ਹੁਣ ਵੀ ਸੱਚ ਹੀ ਬੋਲ ਰਹੇ ਹਨ। ਪਰ ਅੱਜ ਦਾ ਸੱਚ ਹਜਮ ਕਰਨਾ ਔਖਾ ਮਹਿਸੂਸ ਹੋ ਰਿਹਾ ਹੈ। ਅੱਗੇ ਜਦੋਂ ਕਿਸੇ ਮਹਿਫ਼ਲ ਵਿਚ ਕੋਈ ਗੱਲ ਛਿੜਦੀ ਤਾਂ ਹੁੱਬ-ਹੁੱਬ ਕੇ ਬਹੁਤੀਆਂ ਨੇ ਕਹਿਣਾ ਕਿ ਆਹ ਪੜ੍ਹੋ ਅਜਮੇਰ ਸਿੰਘ ਦਾ ਲਿਖਿਆ ਆਹ ਸੁਣੋ ਵਗੈਰਾ-ਵਗੈਰਾ। ਤੇ ਹੁਣ ਜਦੋਂ ਉਨ੍ਹਾਂ ਵੱਲੋਂ ਆਈ ਤਾਜ਼ਾ ਗੱਲਬਾਤ ਬਾਰੇ ਗੱਲ ਕਰਦੇ ਹਾਂ ਤਾਂ ਉਹੀ ਲੋਕ ਇਹ ਕਹਿਣ ਲੱਗੇ ਅੱਗਾ ਪਿੱਛਾ ਨਹੀਂ ਦੇਖਦੇ ਕਿ ਉਹ ਤਾਂ ਸਠਿਆ ਗਿਆ ਕਈ ਤਾਂ ਮਾਂ ਦੇ ਪੁੱਤ ਆਰ.ਐੱਸ.ਐੱਸ. ਨੂੰ ਵੇਚ ਵੀ ਆਉਂਦੇ ਹਨ। ਅਸੀਂ ਤਾਂ ਇਹਨਾਂ ਮੁਖ਼ਤਿਆਰਾਂ ਨੂੰ ਇਕ ਹੀ ਬੇਨਤੀ ਕਰ ਸਕਦੇ ਹਾਂ ਕਿ ਜੇ ਤੁਸੀਂ ਅਜਮੇਰ ਸਿੰਘ ਜਾਂ ਉਨ੍ਹਾਂ ਜਿਹੇ ਕਿਸੇ ਹੋਰ ਵਿਦਵਾਨ ਨਾਲ ਕਿਸੇ ਵਿਸ਼ੇ ਤੇ ਸਹਿਮਤ ਨਹੀਂ ਤਾਂ ਉਸ ਤੇ ਕਿੰਤੂ ਪ੍ਰੰਤੂ ਕਰਨ ਤੋਂ ਪਹਿਲਾਂ ਉਨ੍ਹਾਂ ਜਿੰਨੀ ਘਾਲਣਾ ਘਾਲ ਕੇ ਉਨ੍ਹਾਂ ਦੇ ਹਾਣ ਦਾ ਬਣਨ ਦੀ ਕੋਸ਼ਿਸ਼ ਕਰੋ। ਪੂਰੀ ਉਮੀਦ ਹੈ ਜਦੋਂ ਤੁਸੀਂ ਉਨ੍ਹਾਂ ਦੇ ਹਾਣ ਦੇ ਹੋ ਗਏ ਤਾਂ ਤੁਹਾਡੇ ਕਿੰਤੂ ਪ੍ਰੰਤੂ ਆਪ ਹੀ ਖ਼ਤਮ ਹੋ ਜਾਣਗੇ। ਧਿਆਨ ਰਹੇ ਸ ਅਜਮੇਰ ਸਿੰਘ ਜਿਹੇ ਵਿਦਵਾਨ ਨਿੱਘੀਆਂ ਰਜਾਈਆਂ ਦੀ ਉਪਜ ਨਹੀਂ ਹੁੰਦੇ, ਇਸ ਪਿੱਛੇ ਕਈ ਦਹਾਕਿਆਂ ਦੀ ਸਿਰੜ ਹੁੰਦੀ ਹੈ।