ਦੀਵਾਲੀ ਦੀ ਰਾਤ ਤੋਂ ਹੀ ਪਹਿਲਾਂ ਬੁੱਝ ਚੁੱਕੇ ਇਕ ਦੀਵੇ ‘ਚੋਂ ਸਵਾਲਾਂ ਰੂਪੀ ਧੂੰਏਂ ਦੇ ਛੱਲੇ ਲਿਖਣ ਤੇ ਮਜਬੂਰ ਕਰ ਰਹੇ ਹਨ।  ਅਣਗਿਣਤ ਉਲਝੇ ਸਵਾਲ ਬੁਝਿਆ ਦੀਵਾ ਪੁੱਛ ਰਿਹਾ ਹੈ। ਕੰਨ ‘ਚ ਇਕ ਭਰਵੀਂ ਆਵਾਜ਼ ਗੂੰਜਦੀ ਹੈ, “ਵੱਡੇ ਬਾਈ ਦੱਸ ਮੇਰਾ ਕਿ ਕਸੂਰ ਸੀ ਜੋ ਏਨੀ ਬੇਰਹਿਮੀ ਨਾਲ ਬੁਝਾ ਦਿੱਤਾ?” ਹਾਂ ਇਹ ਕਹਿ ਕੇ ਤਾਂ ਮੈਨੂੰ ਸੰਬੋਧਨ ਕਰਦਾ ਸੀ ਮਨਮੀਤ “ਵੱਡਾ ਬਾਈ”।

25 ਦਸੰਬਰ 2008 ਦੀ ਗੱਲ ਹੈ ਜਿਸ ਦਿਨ ਪਹਿਲੀ ਵਾਰ ਮੇਰੀ ਮਨਦੀਪ ਨਾਲ ਆਧੁਨਿਕਤਾ ਦੇ ਜਰੀਏ ਸਾਂਝ ਪਈ ਸੀ। ਮੈਂ ਹਾਲੇ ਬ੍ਰਿਸਬੇਨ ਦੇ ਏਅਰਪੋਰਟ ਤੇ ਉੱਤਰਿਆ ਹੀ ਸੀ ਕਿ ਮੇਰੇ ਫ਼ੋਨ ਤੇ ਇਕ ਅਨਜਾਣੇ ਨੰਬਰ ਤੋਂ ਫ਼ੋਨ ਆਇਆ। ਕਾਫ਼ੀ ਰੋਹਬਦਾਰ ਤੇ ਭਰਵੀਂ ਆਵਾਜ਼ ਸੀ। ਬਾਈ ਜੀ ਮੈਂ ਮਨਮੀਤ ਬੋਲਦਾ ਜੀ, ਮਨਮੀਤ ਸ਼ਰਮਾ, ਬ‍੍ਰਿਸ਼ਬਾਣੀ ਰੇਡੀਉ ਤੋਂ, ਤੁਹਾਡਾ ਪਾਠਕ ਹਾਂ, ਗੱਲ ਕਰਨੀ ਸੀ ਜੀ। ਮੈਂ ਕਿਹਾ ਕੋਈ ਨਾ ਵੀਰ ਤਿੰਨ ਚਾਰ ਦਿਨ ਤੁਹਾਡੇ ਸ਼ਹਿਰ ‘ਚ ਹੀ ਹਾਂ ਜਦੋਂ ਮਰਜ਼ੀ ਕਰ ਲਿਓ ਜੀ। ਕਹਿੰਦਾ ਨਾ ਬਾਈ ਬੱਸ ਮੈਂ ਪੰਜ ਮਿੰਟ ‘ਚ ਹੀ ਓਨ ਏਅਰ ਕਰਨ ਜਾ ਰਿਹਾ ਤੁਹਾਨੂੰ। ਤਕਰੀਬਨ ਅੱਧੇ ਘੰਟੇ ਦੀ ਗੱਲਬਾਤ ‘ਚ ਉਸ ਦੇ ਪੌਜ਼ੀਟਿਵ ਰਵਈਏ ਨੇ ਮੈਨੂੰ ਕਾਫ਼ੀ ਪ੍ਰਭਾਵਿਤ ਕੀਤਾ। ਰੇਡੀਉ ਸ਼ੋ ਤੋਂ ਬਾਅਦ ਉਹ ਮੇਰੇ ਕੋਲ ਆ ਗਿਆ ਤੇ ਰਾਤ ਦੇ ਦੋ ਵਜੇ ਤੱਕ ਹੋਈ ਗੱਲਬਾਤ ‘ਚ ਏਨੀ ਕੁ ਅਪਣੱਤ ਸੀ ਕਿ ਜਿਵੇਂ ਸਾਡੀ ਕੋਈ ਪੁਰਾਣੀ ਸਾਂਝ ਹੋਵੇ। ਮੈਂ ਪਹਿਲੀ ਵਾਰ ਦੇਖਿਆ ਸੀ ਮਨਮੀਤ ਨੂੰ। ਉਸ ਦੀ ਆਵਾਜ਼ ਅਤੇ ਨਾਂ ਨਾਲੋਂ ਵੱਖਰੀ ਸੀ ਉਸ ਦੀ ਦਿੱਖ। ਸਰੀਰ ਦਾ ਲੰਮ-ਸਲੰਮਾ, ਹੱਸੂੰ-ਹੱਸੂੰ ਕਰਦੇ ਚਿਹਰੇ ਦਾ ਮਾਲਕ ਸੀ ਮਨਮੀਤ। ਉਸ ਵਕਤ ਮੈਨੂੰ ਉਸ ਵਿਚ ਕਲਾ ਘੱਟ ਤੇ ਜਨੂਨ ਜ਼ਿਆਦਾ ਦਿਸਿਆ। ਉਹ ਬਹੁਤ ਕੁਝ ਕਰਨਾ ਚਾਹੁੰਦਾ ਸੀ। ਪਰ ਹਾਲੇ ਤੱਕ ਉਸ ਨੂੰ ਖ਼ੁਦ ਨੂੰ ਪਤਾ ਨਹੀਂ ਸੀ ਕਿ ਉਸ ਨੇ ਕਰਨਾ ਕੀ ਹੈ!

ਪਹਿਲੀ ਸਾਂਝ ਮਿੱਤਰਤਾ ‘ਚ ਬਦਲ ਗਈ। ਜਦੋਂ ਬ੍ਰਿਸਬੇਨ ਜਾਣਾ ਸਾਂਝ ਹੋਰ ਨੇੜੇ ਹੋ ਜਾਨੀ। 2013 ‘ਚ ਜਦੋਂ ਰਾਣਾ ਰਣਬੀਰ ਹੋਰਾਂ ਦੇ ਕਾਮੇਡੀ ਸ਼ੋ ਕਰਵਾਉਣ ਦਾ ਸਬੱਬ ਬਣਿਆ ਤਾਂ ਬ੍ਰਿਸਬੇਨ ਸ਼ੋ ਮਨਮੀਤ ਜ਼ਿੰਮੇ ਲਾ ਦਿੱਤਾ। ਤਕਰੀਬਨ ਪਿਛਲੇ ਅੱਠ ਸਾਲਾਂ ਦੀ ਸਾਂਝ ‘ਚ ਮੇਰੀ ਮਨਮੀਤ ਨਾਲ ਇਕ ਹੀ ਬਹਿਸ ਰਹੀ ਕਿ ਯਾਰ ਤੂੰ ਇਕ ਰਾਹ ਫੜ। ਪਰ ਉਹ ਨੇ ਹਰ ਬਾਰ ਕੋਈ ਨਾਂ ਕੋਈ ਨਵਾਂ ਕਾਰਨ ਦੱਸ ਦੇਣਾ ਕਿ ਨਹੀਂ ਵੱਡੇ ਬਾਈ ਆਪਾਂ ਹੁਣ ਬੱਸ ਐਕਟਿੰਗ ਹੀ ਕਰਨੀ ਹੈ। ਪਰ ਅਗਲੀ ਮੁਲਾਕਾਤ ‘ਚ ਮਨਮੀਤ ਕਿਸੇ ਹੋਰ ਰੂਪ ‘ਚ ਪੇਸ਼ ਹੁੰਦਾ। ਬਹੁਤ ਸਾਂਝਾਂ ਹਨ ਮੇਰੇ ਕੋਲ ਉਸ ਨੂੰ ਚੇਤਿਆਂ ‘ਚ ਸਮਾਈ ਰੱਖਣ ਲਈ। ਪਰ ਅਖੀਰੀ ਸਾਂਝ ਦੀ ਗੱਲ ਆਪ ਨਾਲ ਸਾਂਝੀ ਕਰਦਾ। ਆਪਣੀ ਅਖੀਰੀ ਐਡੀਲੇਡ ਫੇਰੀ ਤੇ ਆਉਣ ਲੱਗੀਆਂ ਉਸ ਨੇ ਮੈਨੂੰ ਫੇਸਬੁੱਕ ਤੇ ਟੈਗ ਕੀਤਾ।  ਮੈਂ ਕੋਈ ਜਵਾਬ ਨਾਂ ਦਿੱਤਾ ਬੱਸ ਲਾਇਕ ਕਰ ਦਿੱਤਾ। ਦੂਜੇ ਦਿਨ ਗਿਆਰਾਂ ਕੁ ਵਜੇ ਰਿੰਗ ਆਈ, ਕੰਮ ਤੇ ਹੋਣ ਕਰਨ ਮੈਂ ਚੱਕ ਨਹੀਂ ਸਕਿਆ। ਵੀਹ ਕੁ ਮਿੰਟਾਂ ਬਾਅਦ ਬੈਕ ਕਾਲ ਕੀਤੀ ਤਾਂ ਮੇਰੀ ਹੈਲੋ ਕਹਿਣ ਤੋਂ ਪਹਿਲਾਂ ਬਾਈ ਤੁਹਾਡੇ ਸ਼ਹਿਰ ਆ ਗਿਆਂ। ਮੈਂ ਕਿਹਾ ਮੈਨੂੰ ਲੱਗਿਆ ਸੀ ਪਤਾ ਕਿ ਕੋਈ ਗਾਉਣ ਵਾਲਾ ਮੁੰਡਾ ਆ ਰਿਹਾ ਇਸ ਬਾਰ ਐਡੀਲੇਡ। ਉਹ ਮੇਰੀ ਇਸ ਗੱਲ ਨੂੰ ਹੱਸ ਕੇ ਟਾਲ ਗਿਆ। ਮੈਂ ਤਿੰਨ ਕੁ ਵਜੇ ਮਿਲਣ ਦਾ ਵਾਅਦਾ ਕੀਤਾ ਤੇ ਜਦੋਂ ਦੀਵਾਲੀ ਮੇਲੇ ‘ਚ ਗਿਆ ਤਾਂ ਮਨਮੀਤ ਸਟੇਜ ਤੇ ਗਾ ਰਿਹਾ ਸੀ। ਆਪਣੀ ਵਾਰੀ ਭੁਗਤ ਕੇ ਸਟੇਜ ਦੇ ਸੱਜੇ ਪਾਸੇ ਸਾਡੇ ਕੋਲ ਆ ਗਿਆ। ਹਰ ਬਾਰ ਦੀ ਤਰ੍ਹਾਂ ਸਤਿਕਾਰ ‘ਚ ਝੁਕਿਆ ਮੈਂ ਕਿਹਾ ਯਾਰ ਹਿੱਕ ਨਾਲ ਲੱਗੀਦਾ ਹੁੰਦਾ ਭਰਾਵਾਂ ਦੇ। ਕਹਿੰਦਾ ਬਾਈ ਛੱਡ ਹੋਰ ਗੱਲਾਂ ਪਹਿਲਾਂ ਇਕ ਯਾਦਗਾਰ ਫ਼ੋਟੋ ਹੋ ਜਾਏ। ਮੈਂ ਦਵਿੰਦਰ ਧਾਲੀਵਾਲ ਨਾਲ ਮਿਲਾਇਆ ਤੇ ਬੜਾ ਖ਼ੁਸ਼ ਹੋਇਆ ਤੇ ਦਵਿੰਦਰ ਨੂੰ ਵੀ ਨਾਲ ਖਿੱਚ ਕੇ ਕਹਿੰਦਾ ਆ ਜਾ ਵੀਰ ਆਪਣੇ ਵੱਡੇ ਬਾਈ ਨਾਲ ਫ਼ੋਟੋ ਖਿਚਵਾਈਏ ਬਾਈ ਦਾ ਕਿ ਪਤਾ ਕਦੋਂ ਲੀਡਰ ਬਣ ਜਾਵੇ ਫੇਰ ਇਹ ਫ਼ੋਟੋ ਕੰਮ ਆਇਆ ਕਰੂ।  ਉਹ ਮੈਨੂੰ ਛੇੜ ਬੈਠਾ ਸੀ ਤੇ ਮੈਂ ਵੀ ਲਗਦੇ ਹੱਥ ਕਿਹਾ ਅੱਜ ਕੱਲ੍ਹ ਤੇਰੇ ‘ਚ ਦੇੱਬੀ ਮਖ਼ਸੂਸਪੁਰੀ ਵਰਗੀ ਰੂਹ ਆ ਗਈ ਲਗਦੀ ਆ? ਕਿਸੇ ਨੇ ਤੈਨੂੰ ਇਹ ਭਰਮ ਤਾਂ ਨਹੀਂ ਪਾ ਦਿੱਤਾ ਕਿ ਤੂੰ ਅਗਲਾ ਦੇੱਬੀ ਬਣੇਗਾ? ਮੈਂ ਮਜ਼ਾਕ-ਮਜ਼ਾਕ ‘ਚ ਉਸ ਨੂੰ ਟੋਕਿਆ ਵੀ ਜਦੋਂ ਉਹ ਗਾ ਰਿਹਾ ਸੀ ਤਾਂ ਇਕ ਦੋ ਸਿਆਸੀ ਸ਼ੇਅਰ ਜਿਹੇ ਉਸ ਨੇ ਗਾਏ  ਸਨ। ਮੈਂ ਉਸ ਨੂੰ ਕਿਹਾ ਕਿ ਜੇ ਹੁਣ ਤੂੰ ਗਾਇਕ ਬਣਨ ਦੀ ਧਾਰ ਹੀ ਲਈ ਹੈ ਤਾਂ ਸਰਬ ਸਾਂਝਾ ਬਣ ਕੇ ਗਾ, ਐਵੇਂ ਨਾਂ ਸਿਆਸੀ ਪੰਗੇ ਜੇ ਲਈ ਜਾ। ਉਸ ਨੇ ਹਰ ਬਾਰ ਦੀ ਤਰ੍ਹਾਂ ਫੇਰ ਮੇਰੀ ਗੱਲ ਟਾਲ ਦਿੱਤੀ। ਸ਼ਾਮ ਦੇ ਰੁਝੇਵੇਂ ਗਿਣਾਉਂਦਾ ਹੋਇਆ ਦੂਜੇ ਦਿਨ ਮਿਲਣ ਦਾ ਵਾਧਾ ਕਰ ਸਾਡੇ ਤੋਂ ਦੂਰ ਹੋ ਗਿਆ। ਦੋ ਦਿਨਾਂ ਬਾਅਦ ਸਾਡੀ ਉਹੀ ਫ਼ੋਟੋ ਫੇਸਬੁੱਕ ਤੇ ਸਾਂਝੀ ਕਰ ਕੇ ਅਖੀਰੀ ਬਾਰ ਦਾ ਸ਼ੁਕਰੀਆ ਕਹਿ ਗਿਆ। ਉਸ ਨਾਲ ਐਡੀਲੇਡ ਆਏ ਮਨਮੀਤ ਬੈਂਸ ਨਾਲ ਜਦੋਂ ਗੱਲ ਹੋਈ ਤਾਂ ਉਸ ਨੇ ਦੱਸਿਆ ਕਿ ਜੋ ਫ਼ੋਟੋ ਉਨ੍ਹਾਂ ਐਡੀਲੇਡ ਆਉਣ ਵੇਲੇ ਏਅਰਪੋਰਟ ਤੇ ਪਾ ਕੇ ਦੋ ਲਾਈਨਾਂ ਲਿਖੀਆਂ ਸਨ ਉਸ ਦੀ ਪਹਿਲੀ ਲਾਈਨ ਤਾਂ ਮੈਂ ਲਿਖ ਦਿੱਤੀ ਤੇ ਉਸ ਦੀ ਦੂਜੀ ਲਾਇਨ ਮਨਮੀਤ ਅਲੀਸ਼ੇਰ ਨੇ ਲਿਖ ਕੇ ਆਪਣੇ ਜੀਵਨ ਕਾਲ ਦੇ ਸੱਚੀ ਰਹਿੰਦੇ ਚਾਰ ਦਿਨਾਂ ਦੀ ਸਚਾਈ ਅਨਜਾਣੇ ‘ਚ ਹੀ ਬਿਆਨ ਕਰ ਦਿੱਤੀ ਸੀ। ਉਹ ਆਖ਼ਰੀ ਸ਼ੇਅਰ ਸੀ:

ਰਾਹਾਂ ਉੱਤੇ ਤੁਰਦੇ ਰਹਿਣਾ ਕੰਮ ਹੁੰਦਾ ਹੈ ਰਾਹੀ ਦਾ,

ਜ਼ਿੰਦਗੀ ਮੇਲਾ ਚਾਰ ਦਿਨਾਂ ਦਾ ਘੁੰਮਦੇ ਰਹਿਣਾ ਚਾਹੀਦਾ..!!