ਜਿਉਂ ਜਿਉਂ ਸਾਡੀ ਗਿਣਤੀ ਆਸਟ੍ਰੇਲੀਆ ‘ਚ ਵਧਦੀ ਜਾ ਰਹੀ ਹੈ ਓਵੇਂ ਓਵੇਂ ਰੌਣਕਾਂ ਵੀ ਹੁਣ ਸਾਲ ਛਮਾਹੀ ਤੋਂ ਹਰ ਹਫ਼ਤੇ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਇਹ ਰੌਣਕਾਂ ਜਿੱਥੇ ਮਨ ਨੂੰ ਸਕੂਨ ਦਿੰਦਿਆਂ ਹਨ ਉੱਥੇ ਆਪਣੇ ਸਭਿਆਚਾਰ ਨੂੰ ਬੱਚਿਆਂ ਤੱਕ ਪਹੁੰਚਾਉਣ ਦਾ ਇਕ ਕਾਰਗਰ ਤਰੀਕਾ ਵੀ ਹੈ। ਮੇਰਾ ਮਤਲਬ ਆਸਟ੍ਰੇਲੀਆ ਭਰ ‘ਚ ਹਰ ਹਫ਼ਤੇ ਲਗਦੇ ਪੰਜਾਬੀ ਸਭਿਆਚਾਰ ਮੇਲਿਆਂ, ਖੇਡ ਮੇਲਿਆਂ ਜਾਂ ਫੇਰ ਧਾਰਮਿਕ ਇਕੱਠਾ ਤੋਂ ਹੈ। ਜਦੋਂ ਵੀ ਸਾਨੂੰ ਕਦੇ ਵੀ ਇਕੱਠ ਕਰਨ ਦੀ ਲੋੜ ਪੈਂਦੀ ਹੈ ਤਾਂ ਉਸ ‘ਚ ਸਭ ਤੋਂ ਪਹਿਲੀ ਜ਼ਰੂਰਤ ਥਾਂ ਦੀ ਹੁੰਦੀ ਹੈ। ਹੁਣ ਜੇ ਤਾਂ ਕੋਈ ਧਾਰਮਿਕ ਇਕੱਠ ਹੈ ਤਾਂ ਉਸ ਲਈ ਤਾਂ ਸਾਡੇ ਕੋਲ ਸੁੱਖ ਨਾਲ ਹਰ ਸ਼ਹਿਰ ਵਿਚ ਸ਼ਾਨਦਾਰ ਗੁਰਦੁਆਰਾ ਸਾਹਿਬ ਹੋਂਦ ‘ਚ ਆ ਚੁੱਕੇ ਹਨ। ਸੋ ਇਹਨਾਂ ‘ਚ ਪਹਿਲੀ ਗੱਲ ਤਾਂ ਅਕਾਲ ਪੁਰਖ ਦੇ ਡਰ ਕਰਨ ਪਹਿਲੀ ਗੱਲ ਤਾਂ ਕੋਈ ਊਣਤਾਈ ਹੁੰਦੀ ਹੀ ਨਹੀਂ ਜੇ ਹੁੰਦੀ ਵੀ ਹੈ ਤਾਂ ਆਪਣੀ ਚਾਰਦੀਵਾਰੀ ‘ਚ ਹੋਣ ਕਰਨ ਢਕੀ ਰਹਿ ਜਾਂਦੀ ਹੈ।
ਪਰ ਜਦੋਂ ਸਭਿਆਚਾਰ, ਮਨੋਰੰਜਨ ਜਾਂ ਫੇਰ ਖੇਡ ਮੇਲੇ ਕਰਵਾਏ ਜਾਂਦੇ ਹਨ ਤਾਂ ਸਾਨੂੰ ਸਰਕਾਰ-ਦੁਆਰੇ ਤੋਂ ਜਾਂ ਫੇਰ ਕਿਸੇ ਨਿੱਜੀ ਅਦਾਰੇ ਤੋਂ ਹਾਲ ਜਾਂ ਫੇਰ ਖੇਡ ਮੈਦਾਨ ਕਿਰਾਏ ਤੇ ਲੈਣੇ ਪੈਂਦੇ ਹਨ ਕਿਉਂਕਿ ਹਾਲੇ ਅਸੀਂ ਆਸਟ੍ਰੇਲੀਆ ‘ਚ ਇਸ ਕਾਬਿਲ ਨਹੀਂ ਹੋਏ ਕਿ ਅਸੀਂ ਵੀ ਕੈਨੇਡਾ ਦੇ ਪੰਜਾਬੀਆਂ ਵਾਂਗ ਆਪਣੇ ਹੀ ਹਾਲ ਜਾਂ ਫੇਰ ਖੇਡ ਮੈਦਾਨ ਬਣਾ ਸਕੀਏ। ਸ਼ੁਰੂ ਦੇ ਸਾਲਾਂ ਵਿਚ ਯਾਨੀ ਸੱਤ ਅੱਠ ਵਰ੍ਹੇ ਪਹਿਲਾਂ ਜਦੋਂ ਅਸੀਂ ਕੋਈ ਪ੍ਰੋਗਰਾਮ ਲਈ ਥਾਂ ਲੈਂਦੇ ਸੀ ਤਾਂ ਬੜੀ ਸੁਖਾਲੀ ਮਿਲ ਜਾਂਦੀ ਸੀ। ਪਰ ਅੱਜ ਕੱਲ੍ਹ ਜਦੋਂ ਕਿਸੇ ਵੀ ਅਦਾਰੇ ਨੂੰ ਅਸੀਂ ਦੱਸਦੇ ਹਾਂ ਕਿ ਅਸੀਂ ਕੋਈ ਸ਼ੋ ਜਾਂ ਖੇਡਾਂ ਕਰਵਾਉਣੀਆਂ ਹਨ ਤੇ ਥਾਂ ਚਾਹੀਦੀ ਹੈ ਤਾਂ ਬਹੁਤੀਆਂ ਕੋਲੋਂ ਨਾਂ ਹੀ ਸੁਣਨ ਨੂੰ ਮਿਲਦੀ ਹੈ। ਭਾਵੇਂ ਉਹ ਕੋਈ ਸਰਕਾਰੀ, ਕੌਂਸਲ, ਜਾ ਫੇਰ ਨਿੱਜੀ ਥਾਂ ਹੋਵੇ ਉਨ੍ਹਾਂ ਦੀ ਦੁਹਾਈ ਹੁੰਦੀ ਹੈ ਕਿ ਪਿਛਲੇ ਬਾਰ ਸਾਡਾ ਤਜਰਬਾ ਬਹੁਤ ਮਾੜਾ ਰਿਹਾ ਸੌ ਇਸ ਬਾਰ ਅਸੀਂ ਤੁਹਾਨੂੰ ਇਹ ਨਹੀਂ ਦੇ ਸਕਦੇ। ਇਸ ਪਿੱਛੇ ਦੇ ਕਰਨ ਤੁਹਾਨੂੰ ਸਾਰੀਆਂ ਨੂੰ ਪਤਾ ਹੀ ਹੈ ਕਿ ਸਾਡੇ ਖ਼ੂਨ ‘ਚ ਬੇਗਾਨੀ ਥਾਂ ਦੀ ਬੇਕਦਰੀ ਕਰਨ ਦੀ ਇਕ ਆਦਤ ਘਰ ਕਰੀ ਬੈਠੀ ਹੈ। ਅਸੀਂ ਰੱਬ ਤੋਂ ਡਰਦੇ ਹਾਂ ਪਰ ਉਹ ਵੀ ਧਾਰਮਿਕ ਥਾਂ ਦੀ ਚਾਰ ਦੀਵਾਰੀ ਦੇ ਅੰਦਰ।
ਬਾਹਰ ਆ ਕੇ ਤਾਂ ਸਾਨੂੰ ਇੰਝ ਲਗਦਾ ਵੀ ਰੱਬ ਤਾਂ ਸਿਰਫ਼ ਉਸ ਚਾਰਦੀਵਾਰੀ ‘ਚ ਹੀ ਵੱਸਦਾ ਤੇ ਉਸ ਦੇ ਮੂਹਰੇ ਅਸੀਂ ਸਿਆਣੇ ਬਣ ਆਏ ਹਾਂ ਹੁਣ ਜੋ ਮਰਜ਼ੀ ਕੀਤਾ ਜਾਵੇ। ਹਰ ਕੋਈ ਮਨੋਰੰਜਨ ਦੇ ਸਾਧਨ ਮਾਣਨਾ ਚਾਹੁੰਦਾ ਪਰ ਇਹਨਾਂ ਸਾਧਨਾ ਨੂੰ ਪੈਦਾ ਕਰਨ ਪਿੱਛੇ ਲਗਦੇ ਉਪਰਾਲੇ ਕਰਨ ਵੇਲੇ ਹਰ ਕੋਲ ਵਕਤ ਦੀ ਕਮੀ ਹੈ। ਪੱਕੇ ਪਕਾਏ ਤੇ ਆ ਕੇ ਮਨੋਰੰਜਨ ਕਰ ਕੇ ਘਰ ਵਾਪਸ ਜਾਣ ਵਾਲੇ ਜੇ ਇਕ ਬਾਰ ਇਹ ਸੋਚ ਲੈਣ ਕਿ ਜਿਸ ਪ੍ਰੋਗਰਾਮ ਦਾ ਉਹ ਜੋ ਅਨੰਦ ਲੈ ਕੇ ਆਏ ਹਨ ਉਸ ਪਿੱਛੇ ਪ੍ਰਬੰਧਕਾਂ ਦਾ ਕਿੰਨਾ ਵਕਤ ਤੇ ਕਿੰਨੇ ਸਾਧਨ ਲੱਗੇ ਹੋਣਗੇ ਅਤੇ ਅਸੀਂ ਜਾਂਦੇ ਹੋਏ ਉਨ੍ਹਾਂ ਲੋਕਾਂ ਦਾ ਧੰਨਵਾਦ ਕਰਨ ਦੀ ਥਾਂ ਆਪਣੇ ਜੂਠੇ ਭਾਂਡੇ ਵੀ ਹਵਾ ‘ਚ ਉੱਡਦੇ ਛੱਡ ਗਏ ਹਾਂ, ਤਾਂ ਗੱਲ ਹੋਰ ਹੋਵੇ।
ਪਿਛਲੇ ਛੇ ਸੱਤ ਸਾਲਾਂ ਤੋਂ ਤਾਂ ਮਹਾਤੜ-ਤਮਾਤੜ ਲਿਖ-ਲਿਖ ਕੇ ਤੇ ਬੋਲ-ਬੋਲ ਕੇ ਥੱਕ ਗਏ। ਹੁਣ ਤਾਂ ਕਹਿੰਦਿਆਂ ਨੂੰ ਵੀ ਸ਼ਰਮ ਆਉਂਦੀ ਹੈ। ਉਂਜ ਤਾਂ ਹਰ ਮੇਲੇ ਤੋਂ ਬਾਅਦ ਹੀ ਇਹੋ ਜਿਹੀਆਂ ਗੱਲਾਂ ਸਾਹਮਣੇ ਆਉਂਦੀਆਂ ਹਨ। ਪਰ ਜੇ ਪਿਛਲੇ ਸਾਲ ‘ਚ ਹੀ ਝਾਤੀ
ਮਾਰ ਲਈਏ ਤਾਂ ਭਾਵੇਂ ਉਹ ਬ੍ਰਿਸਬੇਨ ਦੀਆਂ ਸਿੱਖ ਖੇਡਾਂ ਹੋਣ ਭਾਵੇਂ ਰਿਵਰਲੈਂਡ ਦਾ ਮੀਰੀ ਪੀਰੀ ਟੂਰਨਾਮੈਂਟ ਹੋਵੇ, ਭਾਵੇਂ ਸ਼ਿੱਪੇਰਤੋਨ ਦਾ ਖੇਡ ਮੇਲਾ ਹੋਵੇ ਤੇ ਭਾਵੇਂ ਹੁਣੇ ਹੁਣੇ ਹੋਇਆ ਐਡੀਲੇਡ ਦਾ ਖੇਡ ਮੇਲਾ ਹੋਵੇ। ਉਨ੍ਹਾਂ ਦੀ ਕਾਮਯਾਬੀ ਵੀ ਇਕ ਦੋ ਗ਼ਲਤੀਆਂ ਨੇ ਮਿੱਟੀ ਰੋਲ ਦਿੱਤੀ। ਪ੍ਰਬੰਧਕਾਂ ਦਿਨ ਰਾਤ ਇਕ ਕਰਕੇ ਇਹਨਾਂ ਮੇਲਿਆਂ ਨੂੰ ਕਾਮਯਾਬ ਕਰਨ ‘ਚ ਜੀ ਜਾਣ ਲਾ ਦਿੰਦੇ ਹਨ ਤਾਂ ਕਿ ਦੂਜੇ ਭਾਈਚਾਰਿਆਂ ‘ਚ ਸਾਡੀ ਕੋਈ ਚੰਗੀ ਖ਼ੁਸ਼ਬੂ ਖਿੱਲਰ ਸਕੇ ਪਰ ਕੁਝ ਕੁ ਲਾਪਰਵਾਹ ਅਤੇ ਸ਼ਰਾਰਤੀ ਲੋਕ ਉਸ ਸੁਚੱਜੇ ਪ੍ਰਬੰਧ ਨੂੰ ਮਿੱਟੀ ‘ਚ ਮਿਲਾ ਦਿੰਦੇ ਹਨ। ਅੱਗੇ ਤਾਂ ਇਕੱਲੀ ਸਫ਼ਾਈ ਦੀ ਗੱਲ ਹੁੰਦੀ ਸੀ, ਉਸ ਲਈ ਤਾਂ ਚਲੋ ਪ੍ਰਬੰਧਕ ਕੁਝ ਆਪ ਕਸ਼ਟ ਕਰ ਲੈਂਦੇ ਹਨ ਤੇ ਕੁਝ ਕੁ ਪੈਸੇ ਲਾ ਕੇ ਕਰਾ ਲੈਂਦੇ ਹਨ। ਪਰ ਹੁਣ ਆਹ ਨਵਾਂ ਕਮ ਲੜਨ ਭਿੜਨ ਦੇ ਨਾਲ ਤੋੜ-ਫੋੜ ਦਾ ਸ਼ੁਰੂ ਹੋ ਗਿਆ, ਹੁਣ ਤੁਸੀਂ ਦੱਸੋ ਕਿ ਇਹਨਾਂ ਹਰਕਤਾਂ ਤੇ ਪ੍ਰਬੰਧਕ ਕਿਵੇਂ ਕੰਟਰੋਲ ਕਰ ਸਕਦੇ ਹਨ। ਜਿੱਥੇ ਸ਼ਿੱਪੇਰਤੋਨ ‘ਚ ਪੰਜ ਚਾਰ ਜਾਣਿਆ ਦੀ ਲੜਾਈ ਨੇ ਸਾਰੇ ਭਾਈਚਾਰੇ ਦੀ
ਹੇਠੀ ਕਰਵਾਈਏ ਉੱਥੇ ਹੁਣ ਐਡੀਲੇਡ ਦੇ ਤੀਜੇ ਖੇਡ ਮੇਲੇ ਵਿਚ ਜੇ ਰਬਿਸ਼ ਖਿੰਡਾਉਣ ਦੀ ਗੱਲ ਛੱਡ ਵੀ ਦਿੱਤੀ ਜਾਵੇ ਤਾਂ ਕੁਝ ਕੁ ਮਹਾਂਰਥੀਆਂ ਨੇ ਟਾਇਲਟ ਦੀ ਕੰਧ ਹੀ ਭੰਨ ਦਿੱਤੀ। ਹੁਣ ਸਮਝ ਨਹੀਂ ਆਉਂਦੀ ਕਿ ਤੁਹਾਡੀ ਆਪਣੀ ਕੋਈ ਨਿੱਜੀ ਰੰਜਸ਼ ਹੋ ਸਕਦੀ
ਹੈ ਪਰ ਜੋ ਸਾਧਨ ਇਸ ਮੁਲਕ ‘ਚ ਸਾਨੂੰ ਥੋੜ੍ਹੇ ਜਿਹੇ ਪੈਸਿਆਂ ‘ਚ ਮਿਲ ਰਹੇ ਹਨ ਉਨ੍ਹਾਂ ਨੂੰ ਭੰਨ-ਤੋੜ ਕੇ ਅਸੀਂ ਆਪਣੀ ਕਿਹੜੀ ਬਹਾਦਰੀ ਦਾ ਸਬੂਤ ਦੇ ਰਹੇ ਹਾਂ? ਭਲੇ ਮਾਣਸੋ ਜੇ ਤੁਹਾਨੂੰ ਇਹ ਭੁਲੇਖਾ ਹੈ ਕਿ ਰੱਬ ਤਾਂ ਚਾਰਦੀਵਾਰੀ ‘ਚ ਬੈਠਾ ਤੇ ਹੋਰ ਸਾਨੂੰ ਕੌਣ ਦੇਖ
ਰਿਹਾ! ਪਰ ਇਕ ਗੱਲ ਯਾਦ ਰੱਖਣ ਦੀ ਲੋੜ ਹੈ ਕਿ ਜੇ ਕੋਈ ਹੋਰ ਨਹੀਂ ਤਾਂ ਤੁਹਾਡੀ ਆਪਣੀ ਜ਼ਮੀਰ ਜਾਂ ਫੇਰ ਕਿਸੇ ਖੂੰਜੇ ‘ਚ ਲੱਗਿਆ ਸੀ.ਸੀ.ਟੀ.ਵੀ. ਕੈਮਰਾ ਤੁਹਾਨੂੰ ਜ਼ਰੂਰ ਦੇਖ ਰਿਹਾ ਹੋਣਾ। ਜੇ ਕੀਤੇ ਤੁਸੀਂ ਇਹੋ ਜਿਹੀ ਹਰਕਤ ਕਰਦੇ ਕਦੇ ਕੈਦ ਹੋ ਗਏ ਤਾਂ ਨਾਲੇ
ਆਪਣਾ, ਨਾਲੇ ਆਪਣੇ ਪਿਛਲਿਆਂ ਦਾ ਜਿਊਣਾ ਦੁੱਭਰ ਕਰ ਦੇਵੋਗੇ।
ਉਮੀਦ ਹੈ ਇਸ ਮੁੱਦੇ ਤੇ ਹੁਣ ਤੋਂ ਬਾਅਦ ਕਿਸੇ ਨੂੰ ਵੀ ਬੋਲਣ ਜਾਣ ਲਿਖਣ ਦੀ ਲੋੜ ਨਾ ਪਵੇ। ਇਸ ਮੁਲਕ ਨੇ ਸਾਨੂੰ ਬਹੁਤ ਕੁਝ ਦਿੱਤਾ ਆਓ ਰਲ ਮਿਲ ਕੇ ਇਸ ਸੋਹਣੇ ਮੁਲਕ ਨੂੰ ਹੋਰ ਸੰਵਾਰ ਕੇ ਇਸ ਦਾ ਤੁਹਾਡਾ ਬਹੁਤ ਦੇਣਾ ਤਾਂ ਦੇਈਏ। ਅਖੀਰ ਵਿਚ ਉੱਘੇ ਗੀਤਕਾਰ, ਫ਼ਿਲਮ ਨਿਰਦੇਸ਼ਕ, ਬੜੇ ਹੀ ਪਿਆਰੇ ਦੋਸਤ ਅਤੇ ਇਨਸਾਨ ‘ਗੁਰਚਰਨ ਵਿਰਕ’ ਦੇ ਇਸ ਫ਼ਾਨੀ ਦੁਨੀਆ ਤੋਂ ਅਚਨਚੇਤ ਤੁਰ ਜਾਣ ਤੇ
ਦਿਲੋਂ ਦੁਖੀ ਹਾਂ।