ਅਧਿਆਪਕ ਦਿਵਸ ਹਰ ਸਤੰਬਰ ਦੀ ਪੰਜ ਤਰੀਕ ਨੂੰ ਭਾਰਤ ਦੇ ਪੂਰਵ ਰਾਸ਼ਟਰਪਤੀ ਰਾਧਾਕ੍ਰਿਸ਼ਨਨ ਦੇ ਨਾਮ ਨਾਲ ਮਨਾਇਆ ਜਾਂਦਾ ਹੈ। ਇਤਿਹਾਸ ਦੀ ਦੇਖੋ ਦੇਖ ਇਹ ਪੀਡੀ ਦਰ ਪੀਡੀ ਅੱਗੇ ਵਧ ਰਿਹਾ ਹੈ। ਪਰ ਜਦੋਂ ਅਸੀਂ ਕਿਸੇ ਵੀ ਚੀਜ਼ ਦੀ ਨਿਰਪੱਖ ਪੜਚੋਲ ਕਰਦੇ ਹਾਂ ਤਾਂ ਜੋ ਸੱਚ ਸਾਹਮਣੇ ਆਉਂਦਾ ਹੈ ਉਸ ਨਾਲ ਰੌਂਗਟੇ ਖੜੇ ਹੋ ਜਾਂਦੇ ਹਨ ਤੇ ਬੰਦਾ ਸੋਚਣ ਤੇ ਮਜਬੂਰ ਹੋ ਜਾਂਦਾ ਕਿ ਸਾਡਾ ਅਧਿਆਪਕ ਕੀ ਸੱਚਮੁੱਚ ਰਾਧਾਕ੍ਰਿਸ਼ਨਨ ਵਾਂਗ ਹੀ ਹੋਣਾ ਚਾਹੀਦਾ? ਸੋ ਇਸੇ ਵਿਸ਼ੇ ਤੇ ਮਹੇਂਦਰ ਯਾਦਵ ਵੱਲੋਂ ਲਿਖਿਆ ਤੇ ਡਾ. ਹਰਪਾਲ ਸਿੰਘ ਪੰਨੂ ਵੱਲੋਂ
ਅਨੁਵਾਦਿਤ ਲੇਖ ਆਪ ਜੀ ਨਾਲ ਸਾਂਝਾ ਕਰ ਰਹੇ ਹਾਂ: ਸੰਪਾਦਕ

(ਭਾਰਤ ਦੇ ਰਾਸ਼ਟਰਪਤੀ ਦੇ ਅਹੁਦੇ ਤੱਕ ਪਹੁੰਚੇ ਡਾ. ਰਾਧਾਕ੍ਰਿਸ਼ਨਨ ਦੀ ਸਾਰੀ ਪ੍ਰਸਿੱਧੀ ਉਨ੍ਹਾਂ ਦੀ ਕਿਤਾਬ ਇੰਡੀਅਨ ਫ਼ਿਲਾਸਫ਼ੀ ਸਦਕਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਇਸ ਦੀਆਂ ਦੋਵੇਂ ਜਿਲਦਾਂ ਚੁਰਾਈਆਂ ਗਈਆਂ ਸਨ। 4 ਸਤੰਬਰ 2016 ਨੂੰ ਮਹੇਂਦਰ ਯਾਦਵ ਨੇ ਇਹ ਸੂਚਨਾ ਇਕੱਠੀ ਕਰਕੇ ਯ-ੂਟਿਯੂਬ ਵਿਚ ਪ੍ਰਕਾਸ਼ਿਤ ਕੀਤੀ ਕਿਉਂਕਿ 5 ਸਤੰਬਰ ਡਾ. ਰਾਧਾਕ੍ਰਿਸ਼ਨਨ ਦਾ ਜਨਮ ਦਿਨ ਹੋਣ ਕਾਰਣ ਅਧਿਆਪਕ ਦਿਵਸ ਵਜੋਂ ਮਨਾਇਆ ਜਾਂਦਾ ਹੈ।)

ਮੂਲ ਰੂਪ ਵਿਚ ਇਹ ਕਿਤਾਬ ਵਿਦਿਆਰਥੀ ਜਾਦੂਨਾਥ ਸਿਨ੍ਹਾ ਦਾ ਥੀਸਿਸ ਸੀ। ਰਾਧਾਕ੍ਰਿਸ਼ਨਨ ਉਸ ਸਮੇਂ ਕਲਕੱਤਾ ਯੂਨੀਵਰਸਿਟੀ ਵਿਚ ਪ੍ਰੋਫੈਸਰ ਸਨ। ਥੀਸਿਸ ਉਨ੍ਹਾਂ ਕੋਲ ਮੁਲਾਂਕਣ ਲਈ ਆਇਆ ਸੀ। ਉਨ੍ਹਾਂ ਨੇ ਥੀਸਿਸ ਪਾਸ ਕਰਨ ਵਿਚ ਦੋ ਸਾਲ ਦਾ ਸਮਾਂ ਬਿਤਾ ਦਿੱਤਾ। ਵੱਡੇ ਪ੍ਰੋਫੈਸਰ ਸਨ, ਇਸ ਲਈ ਕਿਸੇ ਨੇ ਉਨ੍ਹਾਂ ਤੇ ਸ਼ੱਕ ਨਹੀਂ ਕੀਤਾ।
ਇਨ੍ਹਾਂ ਦੋ ਸਾਲਾਂ ਵਿਚ ਉਨ੍ਹਾਂ ਨੇ ਇੰਗਲੈਂਡ ਤੋਂ ਆਪਣੀ ਕਿਤਾਬ ਇੰਡੀਅਨ ਫ਼ਿਲਾਸਫ਼ੀ ਪ੍ਰਕਾਸ਼ਿਤ ਕਰਵਾਈ, ਜਿਹੜੀ ਜਾਦੂਨਾਥ ਸਿਨ੍ਹਾ ਦਾ ਥੀਸਿਸ ਸੀ। ਉਸ ਖੋਜਾਰਥੀ ਦੇ ਥੀਸਿਸ ਨਾਲ ਰਾਧਾਕ੍ਰਿਸ਼ਨਨ ਦੀ ਕਿਤਾਬ ਹੂਬਹੂ ਮਿਲਦੀ ਹੈ …. ਇਕ ਕਾਮੇ ਦਾ ਵੀ ਅੰਤਰ ਨਹੀਂ। ਜਦੋਂ ਉਨ੍ਹਾਂ ਦੀ ਕਿਤਾਬ ਛਪ ਗਈ ਉਸ ਤੋਂ ਬਾਅਦ ਹੀ ਉਸ ਵਿਦਿਆਰਥੀ ਨੂੰ ਪੀਐਚ.ਡੀ ਦੀ ਡਿਗਰੀ ਦਿੱਤੀ ਗਈ, ਯਾਨੀ ਰਾਧਾਕ੍ਰਿਸ਼ਨਨ ਦੀ ਕਿਤਾਬ ਪਹਿਲਾਂ ਛਪੀ …ਹੁਣ ਕੋਈ ਇਹ ਨਹੀਂ ਕਹਿ ਸਕਦਾ ਸੀ ਕਿ ਉਨ੍ਹਾਂ ਨੇ ਚੋਰੀ ਕੀਤੀ ਹੈ। ਹੁਣ ਤਾਂ ਚੋਰੀ ਦਾ ਦੋਸ਼ ਵਿਦਿਆਰਥੀ ਤੇ ਲੱਗਦਾ!
ਇਹ ਸਭ ਹੋਣ ਤੇ ਵੀ ਜਾਦੂਨਾਥ ਸਿਨ੍ਹਾ ਨੇ ਹਾਰ ਨਹੀਂ ਮੰਨੀ। ਉਸ ਨੇ ਕਲਕੱਤਾ ਹਾਈਕੋਰਟ ਵਿਚ ਕੇਸ ਕਰ ਦਿੱਤਾ। ਉਸ ਦਾ ਕਹਿਣਾ ਸੀ, ”ਮੈਂ ਦੋ ਸਾਲ ਪਹਿਲਾਂ ਯੂਨੀਵਰਸਿਟੀ ਵਿਚ ਥੀਸਿਸ ਜਮਾਂ ਕਰਵਾ ਦਿੱਤਾ ਸੀ ਜਿਸ ਦਾ ਪ੍ਰਮਾਣ ਯੂਨੀਵਰਸਿਟੀ ਵਿਚ ਹੈ। ਇਸ ਦਾ ਮੁਲਾਂਕਣ ਤਿੰਨ ਪ੍ਰੋਫੈਸਰਾਂ ਨੇ ਕਰਨਾ ਸੀ … ਦੂਜੇ ਹੋਰ ਦੋ ਪਰੀਖਿਅਕ ਵੀ ਗਵਾਹ ਹਨ। ਇਹ ਮੇਰਾ ਥੀਸਿਸ ਸੀ ਇਸ ਲਈ ਕਿਤਾਬ ਵੀ ਮੇਰੀ ਹੈ। ਮਾਮਲਾ ਬਿਲਕੁਲ ਸਾਫ਼ ਹੈ … ਇਸ ਨੂੰ ਪੜ੍ਹ ਲਿਆ ਜਾਵੇ…।”
ਰਾਧਾਕ੍ਰਿਸ਼ਨਨ ਦੀ ਕਿਤਾਬ ਦੇ ਅਧਿਆਇ ਹੂਬਹੂ ਉਹੀ ਹਨ ਜਿਹੜੇ ਥੀਸਿਸ ਦੇ ਹਨ। ਉਹ ਜਲਦਬਾਜ਼ੀ ਵਿਚ ਸਨ, ਇਸ ਲਈ ਥੋੜ੍ਹੀ ਬਹੁਤ ਵੀ ਹੇਰਾਫੇਰੀ ਨਹੀਂ ਕਰ ਸਕੇ। ਕਿਤਾਬ ਵੀ ਬਹੁਤ ਵੱਡੀ ਦੋ ਭਾਗਾਂ ਵਿਚ ਸੀ। ਘੱਟੋ ਘੱਟ ਦੋ ਹਜ਼ਾਰ ਪੰਨੇ। ਜਲਦੀ ਕਾਰਣ ਬਦਲ ਨਹੀਂ ਸਕੇ … ਜੇ ਸਮਾਂ ਹੁੰਦਾ ਤਾਂ ਕੁੱਝ ਨਾ ਕੁੱਝ ਤਾਂ ਹੇਰਾਫੇਰੀ ਕਰ ਦਿੰਦੇ।
ਮਾਮਲਾ ਬਿਲਕੁਲ ਸਾਫ਼ ਸੀ ਪਰ ਖੋਜਾਰਥੀ ਜਾਦੂਨਾਥ ਸਿਨ੍ਹਾ ਨੇ ਕੋਰਟ ਦੇ ਫ਼ੈਸਲੇ ਤੋਂ ਪਹਿਲਾਂ ਹੀ ਆਪਣਾ ਕੇਸ ਵਾਪਸ ਲੈ ਲਿਆ ਕਿਉਂਕਿ ਉਸ ਨੂੰ ਪੈਸਾ ਦੇ ਦਿੱਤਾ ਗਿਆ। ਕੇਸ ਵਾਪਸ ਲੈਣ ਦੇ ਰਾਧਾਕ੍ਰਿਸ਼ਨਨ ਨੇ ਉਸ ਸਮੇਂ ਦਸ ਹਜ਼ਾਰ ਰੁਪਏ ਦਿੱਤੇ ਸਨ। ਮੁੰਡਾ ਗ਼ਰੀਬ ਸੀ ਅਤੇ ਦਸ ਹਜ਼ਾਰ ਰੁਪਏ ਉਸ ਲਈ ਬਹੁਤ ਮਹੱਤਵ ਰੱਖਦੇ ਸਨ। ਦੂਜੀ ਗੱਲ, ਰਾਧਾਕ੍ਰਿਸ਼ਨਨ ਇੰਨੀ ਪ੍ਰਭਾਵੀ ਸ਼ਖ਼ਸੀਅਤ ਸਨ ਕਿ ਕੋਈ ਉਨ੍ਹਾਂ ਨਾਲ ਵੈਰ ਸਹੇੜਨਾ ਨਹੀਂ ਸੀ ਚਾਹੁੰਦਾ। ਅਜਿਹੇ ਹਾਲਾਤ ਵਿਚ ਨਿਆਂ ਦੀ ਜਾਦੂਨਾਥ ਨੂੰ ਕੋਈ ਉਮੀਦ ਨਾ ਰਹੀ।
ਰਾਧਾਕ੍ਰਿਸ਼ਨਨ ਨੇ ਵਿਦਿਆਰਥੀ ਦਾ ਥੀਸਿਸ ਚੋਰੀ ਕਰਕੇ ਇੰਡੀਅਨ ਫ਼ਿਲਾਸਫ਼ੀ ਕਿਤਾਬ ਛਪਵਾਈ। ਇਸ ਬਾਰੇ ਕਲਕੱਤਾ ਦੇ ਮਾਡਰਨ ਰਿਵਿਊ ਵਿਚ ਖੋਜਾਰਥੀ ਜਾਦੂਨਾਥ ਸਿਨ੍ਹਾ ਅਤੇ ਰਾਧਾਕ੍ਰਿਸ਼ਨਨ ਦਾ ਆਪਸੀ ਪੱਤਰ ਵਿਹਾਰ ਛਪਿਆ। ਰਾਧਾਕ੍ਰਿਸ਼ਨਨ ਕਹਿੰਦੇ ਰਹੇ ਕਿ ਇਹ ਇਤਫ਼ਾਕ ਹੈ … ਕਿਉਂਕਿ ਖੋਜ ਦਾ ਵਿਸ਼ਾ ਇਕ ਹੀ ਸੀ … ਰਾਧਾਕ੍ਰਿਸ਼ਨਨ ਤੇ ਲਿਖੀਆਂ ਸਾਰੀਆਂ ਕਿਤਾਬਾਂ ਵਿਚ ਇਸ ਵਿਵਾਦ ਦਾ ਜ਼ਿਕਰ ਹੈ … ਇਕ ਹੋਰ ਪ੍ਰੋਫੈਸਰ ਬੀ.ਐਨ.ਸੀਲ ਨੂੰ ਵੀ ਇਹ ਥੀਸਿਸ ਭੇਜਿਆ ਗਿਆ ਸੀ … ਬਜੇਂਦਰਨਾਥ ਸੀਲ … ਉਨ੍ਹਾਂ ਨੇ ਪੂਰੇ ਮਾਮਲੇ ਤੋਂ ਖ਼ੁਦ ਨੂੰ ਦੂਰ ਕਰ ਲਿਆ… ਬਹੁਤ ਮੁਸ਼ਕਲ ਨਾਲ ਰਾਧਾਕ੍ਰਿਸ਼ਨਨ ਨੇ ਮਾਮਲਾ ਸੈਟ ਕੀਤਾ … ਜੱਜ ਨੂੰ ਪਟਾਇਆ … ਜਾਦੂਨਾਥ ਨੂੰ ਸਮਝਾਇਆ… ਤਦ ਮਾਮਲਾ ਨਿਪਟਿਆ … ਪਹਿਲਾਂ ਤਾਂ ਤਾਅ ਵਿਚ ਉਨ੍ਹਾਂ ਨੇ ਮਾਣਹਾਨੀ ਦਾ ਕੇਸ ਕਰ ਦਿੱਤਾ… ਪਰ ਬਾਅਦ ਵਿਚ ਸਮਝ ਗਿਆ ਕਿ ਹੁਣ ਬਦਨਾਮੀ ਤਾਂ ਹੋਣੀ ਹੀ ਹੈ … ਇਸ ਲਈ ਕੋਰਟ ਤੋਂ ਬਾਹਰ ਸੈਟਲਮੈਂਟ ਕਰਨ ਵਿਚ ਜੁੱਟ ਗਏ … ਵੱਡੇ ਵੱਡੇ ਲੋਕਾਂ ਤੋਂ ਪੈਰਵੀ ਕਰਵਾਈ, ਵਿਚੋਲਗੀ ਕਰਵਾਈ। ਵਿਚੋਲਿਆਂ ਵਿਚ ਵੱਡੀ ਤੇ ਪ੍ਰਸਿੱਧ ਸ਼ਖ਼ਸੀਅਤ ਸ਼ਯਾਮ ਪ੍ਰਸਾਦ ਮੁਖਰਜੀ ਵੀ ਸਨ, ਜਿਹੜੇ ਕਲਕੱਤਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਨ। ਏਡੇ ਦਬਾਅ ਵਿਚ ਗ਼ਰੀਬ ਜਾਦੂਨਾਥ ਸਿਨ੍ਹਾ ਕਿਥੇ ਟਿਕਦਾ।
ਥੀਸਿਸ ਚੋਰੀ ਦੇ ਜਵਾਬ ਵਿਚ ਰਾਧਾਕ੍ਰਿਸ਼ਨਨ ਇਹੀ ਕਹਿੰਦੇ ਰਹੇ ਕਿ ਇਤਫ਼ਾਕਨ ਜਦੁਨਾਥ ਸਿਨ੍ਹਾ ਅਤੇ ਮੇਰੀ ਕਿਤਾਬ ਦੀ ਸਮਗਰੀ ਮਿਲਦੀ ਹੈ… ਤਰਕ ਉਹੀ ਕਿ ਸਰੋਤ ਇਕ ਸੀ, ਵਿਸ਼ਾ ਇਕ ਸੀ… ਆਦਿ ਆਦਿ… ਆਪਣੀ ਕਿਤਾਬ ਨੂੰ ਜਾਦੂਨਾਥ ਸਿਨ੍ਹਾ ਦੀ ਕਿਤਾਬ ਤੋਂ ਵੱਖਰੀ ਸਾਬਤ ਨਹੀਂ ਕਰ ਸਕੇ … ਇਹ ਮਾਡਰਨ ਰਿਵਿਊ ਵਿਚ ਛਪੇ ਜਾਦੂਨਾਥ ਸਿਨ੍ਹਾ ਦੇ ਲੇਖਾਂ ਅਤੇ ਰਾਧਾਕ੍ਰਿਸ਼ਨਨ ਦੇ ਉੱਤਰਾਂ ਤੋਂ ਪਤਾ ਚਲਦਾ ਹੈ। ਅਦਾਲਤ ਦੇ ਬਾਹਰ ਮਾਮਲਾ ਸੈਟ ਕਰਾ ਲਿਆ ਪਰ ਜਾਦੂਨਾਥ ਸਿਨ੍ਹਾ ਦੀ ਥੀਸਿਸ ਅਤੇ ਰਾਧਾਕ੍ਰਿਸ਼ਨਨ ਦੀ ਕਿਤਾਬ ਵਿਚਲੀ ਪੂਰੀ ਸਮਾਨਤਾ ਰਿਕਾਰਡ ਵਿਚ ਹੈ। ਇਸ ਤੋਂ ਉਹ ਇਨਕਾਰੀ ਨਹੀਂ ਸੀ ਹੋ ਸਕਦੇ। ਬਾਅਦ ਵਿਚ ਉਨ੍ਹਾਂ ਨੇ ਪ੍ਰਕਾਸ਼ਕ ਨਾਲ ਮਿਲ ਕੇ(ਬਹੁਤ ਬਾਅਦ ਵਿਚ, ਇਕ ਦਮ ਸ਼ੁਰੂ ਵਿਚ ਨਹੀਂ) ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ, ਕਿ ਕਿਤਾਬ ਪਹਿਲਾਂ ਹੀ ਛਪਣ ਲਈ ਦੇ ਦਿੱਤੀ ਗਈ ਸੀ… ਪਰ ਪ੍ਰਕਾਸ਼ਕ ਨੇ ਕੰਮ ਦੇਰੀ ਨਾਲ ਸ਼ੁਰੂ ਕੀਤਾ।
ਰਾਧਾਕ੍ਰਿਸ਼ਨਨ ਦੇ ਪੱਖ ਵਿਚ ਵੱਡੇ ਵੱਡੇ ਲੋਕ ਸਨ, ਸਭ ਨਾਲ ਦੁਸ਼ਮਣੀ ਹੋ ਜਾਂਦੀ … ਅਤੇ ਅੰਤਰਾਤਮਾ ਨੇ ਜਾਦੂਨਾਥ ਦੇ ਦਾਅਵੇ ਦਾ ਵਿਰੋਧ ਕਰਨ ਨਹੀਂ ਦਿੱਤਾ। ਨਵ-ਵੇਦਾਂਤ ਦੇ ਦਾਰਸ਼ਨਿਕ ਕ੍ਰਿਸ਼ਨਚੰਦਰ ਭੱਟਾਚਾਰੀਆ ਵੀ ਜਾਦੂਨਾਥ ਸਿਨ੍ਹਾ ਦੇ ਨਿਗਰਾਨ ਸਨ, ਪਰ ਰਾਧਾਕ੍ਰਿਸ਼ਨਨ ਨਾਲ ਕੌਣ ਟਕਰਾਏ?
ਜਾਦੂਨਾਥ ਨਾਲ ਅਨਿਆਂ ਹੋਇਆ, ਪਰ ਜਦੋਂ ਉਹ ਖ਼ੁਦ ਪਿੱਛੇ ਹਟ ਗਏ ਤਾਂ ਮਾਮਲਾ ਖ਼ਤਮ… ਸਾਨੂੰ ਇਤਰਾਜ਼ ਅਜਿਹੇ ਵਿਅਕਤੀ ਨੂੰ ਭਾਰਤ ਰਤਨ ਦੇਣ ਅਤੇ ਉਸ ਦੇ ਜਨਮ ਦਿਨ ਨੂੰ ਅਧਿਆਪਕ ਦਿਵਸ ਦੇ ਰੂਪ ਵਿਚ ਮਨਾਉਣ ਤੇ ਹੈ। ਥੀਸਿਸ ਚੋਰ ਡਾ. ਰਾਧਾਕ੍ਰਿਸ਼ਨਨ ਦੇ ਜਨਮ ਦਿਨ ਨੂੰ ਅਧਿਆਪਕ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਇਨ੍ਹਾਂ ਨੂੰ ਉਸੇ ਸਾਲ ਬ੍ਰਿਟਿਸ਼ ਸਰਕਾਰ ਵੱਲੋਂ ‘ਸਰ’ ਦੀ ਪਦਵੀ ਮਿਲੀ ਸੀ, ਜਿਸ ਸਾਲ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦੀ ਸਜ਼ਾ ਹੋਈ ਸੀ। ਰਾਸ਼ਟਰੀ ਅੰਦੋਲਨ ਵਿਚ ਉਹ ਪੂਰੀ ਤਰ੍ਹਾਂ ਗ਼ੈਰਹਾਜ਼ਰ ਰਹੇ। 1892 ਵਿਚ ਵੀਰ ਭੂਮੀ ਜ਼ਿਲ੍ਹੇ ਵਿਚ ਜਨਮੇ ਜਾਦੂਨਾਥ ਸਿਨ੍ਹਾ ਦਾ ਦੇਹਾਂਤ 1979 ਨੂੰ ਹੋਇਆ।
(ਮਹੇਂਦਰ ਯਾਦਵ ਪ੍ਰਸਿੱਧ ਪੱਤਰਕਾਰ, ਲੇਖਕ ਅਤੇ ਸੰਪਾਦਕ ਹੈ। ਇਸ ਘਟਨਾ ਦਾ ਜ਼ਿਕਰ ਓਸ਼ੋ ਨੇ 1988 ਵਿਚ ਆਪਣੀ ਕਿਤਾਬ ਮੇਰੀਆਂ ਮਨਪਸੰਦ ਕਿਤਾਬਾਂ ਵਿਚ ਕੀਤਾ ਹੈ।)

 ਹਰਪਾਲ ਸਿੰਘ ਪੰਨੂ (ਡਾ.)

94642-51454