ਦੁਨਿਆਵੀ ਸੱਚ ਹੈ ਕਿ ਸਭ ਤੋਂ ਵੱਧ ਦੇਸ਼ ਭਗਤੀ ਦਾ ਦਾਅਵਾ ਭਾਰਤੀ ਕਰਦੇ ਹਨ ਤੇ ਅਕਸਰ ਇਹ ਸਾਬਤ ਕਰਨ ਦੀ ਕੋਸ਼ਿਸ਼ ਵੀ ਕਰਦੇ ਹਨ ਕਿ ਮਹਾਨਤਾ ਦਾ ਅੰਤ ਸਾਡੇ ਤੇ ਆ ਕੇ ਖ਼ਤਮ ਹੋ ਜਾਂਦਾ ਹੈ। ਕਹਿਣ ਤੇ ਕਰਨ ‘ਚ ਫ਼ਰਕ ਵੀ ਇੱਕ ਦੁਨਿਆਵੀ ਸਚਾਈ ਹੈ। ਦੇਸ਼ ਭਗਤੀ ਦੇ ਦਿਖਾਵੇ ਅਤੇ ਜਜ਼ਬੇ ‘ਚ ਫ਼ਰਕ ਹੁੰਦਾ। ਮਹਾਨਤਾ ਦਾ ਪੈਮਾਨਾ ਵੀ ਹੋਰ ਹੁੰਦਾ। ਜੇ ਦੁਨੀਆ ਕਹੇ ਤਾਂ ਹਜ਼ਮ ਹੋ ਸਕਦਾ ਪਰ ਆਪਣੀ ਪਿੱਠ ਥਪਥਪਾਉਣਾ ਵਾਲਾ ਹਮੇਸ਼ਾ ਹੀ ਗ਼ਲਤ ਸਾਬਤ ਹੁੰਦਾ ਹੈ। ਵੇਲੇ ਵੇਲੇ ਸਿਰ ਇਹਨਾਂ ਗੱਲਾਂ ਦੇ ਨਤੀਜੇ ਵੀ ਦੇਖਣ ਨੂੰ ਮਿਲਦੇ ਰਹਿੰਦੇ ਹਨ ਪਰ ਅਸੀਂ ਮੂੰਹ ਦੀ ਖਾ ਕੇ ਛੇਤੀ ਭੁੱਲ ਜਾਂਦੇ ਹਾਂ ਤੇ ਫੇਰ ਉਹੀ ਵਰਤਾਰੇ ਤੇ ਆ ਉੱਤਰਦੇ ਹਾਂ। ਕੁੱਝ ਇਹੋ ਜਿਹੇ ਨਤੀਜੇ ਚੱਲ ਰਹੀਆਂ ਉਲੰਪਿਕ ਖੇਡਾਂ ਦੇ ਵੀ ਆ ਰਹੇ ਹਨ। ਉਲੰਪਿਕ ਦਾ ਬੁਖ਼ਾਰ ਹਰ ਪਾਸੇ ਚੜ੍ਹਿਆ ਹੋਇਆ ਹੈ ਤੇ ਤਕਰੀਬਨ ਅੱਧੇ ਤੋਂ ਜ਼ਿਆਦਾ ਸਮਾਂ ਬੀਤ ਜਾਣ ਤੋਂ ਬਾਅਦ ਸਵਾ ਸੋ ਕਰੋੜ ਆਪੇ ਬਣੇ ਮਹਾਂਰਥੀਆਂ ਦੀ ਝੋਲੀ ਖ਼ਾਲੀ ਹੈ। ਹੋ ਸਕਦਾ ਅਖੀਰ ਤੱਕ ਇਸ ਝੋਲੀ ‘ਚ ਚਾਰ ਦਾਣੇ ਆ ਪੈਣ, ਪਰ ਕੀ ਇਹ ਦਾਅਵਿਆਂ ਦੇ ਅਨੁਕੂਲ ਹੋਣਗੇ? ਗੱਲ ਵਿਚਾਰਨ ਦੀ ਹੈ ਤੇ ਇਹੋ ਜਿਹੇ ਹਰ ਵਰਤਾਰੇ ਤੋਂ ਬਾਅਦ ਵਿਚਾਰੀ ਵੀ ਜਾਂਦੀ ਹੈ ਪਰ ਨਤੀਜਾ ਝੋਲੀ ਖ਼ਾਲੀ ਦੀ ਖ਼ਾਲੀ। ਕਮੀ ਤਾਂ ਹੈ! ਹੈ ਕਿਥੇ ਇਸ ਦੀ ਪੜਤਾਲ ਅਖ਼ਬਾਰਾਂ ਰਸਾਲਿਆਂ, ਟੀ.ਵੀ. ਤੇ ਰੇਡੀਉ ਤੇ ਤਾਂ ਬਹੁਤ ਹੋ ਜਾਂਦੀ ਹੈ ਪਰ ਜਿੱਥੇ ਹੋਣੀ ਚਾਹੀਦੀ ਹੈ ਉੱਥੇ ਨਹੀਂ ਹੁੰਦੀ। ਮੇਰੇ ਬੀਤੇ ਭਾਰਤੀ ਦੌਰੇ ਦੌਰਾਨ ਮੈਨੂੰ ਇਕ ਖੇਡ ਪ੍ਰਬੰਧਕ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਿਆ ਸੀ। ਗੱਲਾਂ-ਬਾਤਾਂ ਦੌਰਾਨ ਕਾਫ਼ੀ ਕੁੱਝ ਅਹਿਸਾਸ ਹੋਇਆ ਸੀ। ਜਿਨ੍ਹਾਂ ਵਿਚ ਪਹਿਲੀ ਗੱਲ ਤਾਂ ਇਹ ਕਿ ਉਹ ਖੇਡ ਪ੍ਰਬੰਧਕ ਲੜਨ ਤੋਂ ਪਹਿਲਾਂ ਹੀ ਹਾਰ ਮੰਨਣ ਦੀ ਭਾਸ਼ਾ ਦਾ ਇਸਤੇਮਾਲ ਕਰ ਰਿਹਾ ਸੀ ਜਿਹੜੀ ਮਰਜ਼ੀ ਖੇਡ ਦੀ ਗੱਲ ਕਰਦੇ ਸੀ ਉਸ ਦੇ ਸਾਧਨਾ ਨੂੰ ਮੂਹਰੇ ਰੱਖ ਕੇ ਉਹ ਗੱਲ ਇੱਥੇ ਖ਼ਤਮ ਕਰ ਦਿੰਦਾ ਸੀ ਕਿ ਸਾਧਨਾ ਦੀ ਕਮੀ ਹੈ। ਜਦੋਂ ਮੈਂ ਉਨ੍ਹਾਂ ਦਾ ਧਿਆਨ ਇਸ ਗੱਲ ਵੱਲ ਦਵਾਇਆ ਕਿ ਆਸਟ੍ਰੇਲੀਆ ਦੇ ਕ੍ਰਿਕਟ ਭਾਰਤ ਵਿਚ ਇਸ ਲਈ ਖੇਡਣਾ ਪਸੰਦ ਕਰਦੇ ਹਨ ਕਿ ਇੱਥੇ ਪੈਸਾ ਬਹੁਤ ਬਣਦਾ, ਜੇ ਭਾਰਤ ਵਿਚ ਏਨਾ ਪੈਸਾ ਹੈ ਤਾਂ ਸਾਧਨ ਕਿਉਂ ਨਹੀਂ? ਇਸ ਗੱਲ ਤੇ ਉਸ ਅਧਿਕਾਰੀ ਦਾ ਮੰਨਣਾ ਸੀ ਕਿ ਸਰਕਾਰਾਂ ਵੱਲੋਂ ਆਉਂਦੇ ਬਜਟ ਦਾ ਵੱਡਾ ਹਿੱਸਾ ਸੰਬੰਧਿਤ ਲੋਕਾਂ ਦੇ ਘਰਾਂ ਦੇ ਪਿਛਵਾੜੇ ‘ਚ ਸਵਿਮਿੰਗ ਪੂਲ ਬਣਾਉਣ ‘ਚ ਲਾਇਆ ਜਾਂਦਾ ਨਾ ਕਿ ਸਵਿਮਿੰਗ ਸਟੇਡੀਅਮ ਬਣਾਉਣ ‘ਚ, ਫੇਰ ਅਸੀਂ ਕਿਥੋਂ ਆਸ ਕਰਦੇ ਹਾਂ ਫਿਲਿਪਸ ਵਰਗੇ ਤੈਰਾਕ ਲੱਭਣ ਦੀ? ਹੁਣ ਜਦੋਂ ਖੇਡਾਂ ਨਾਲ ਜੁੜੇ ਲੋਕਾਂ ਦੇ ਜਜ਼ਬੇ ਇਸ ਕਦਰ ਹਾਰ ਮੰਨ ਗਏ ਹੋਣ ਤਾਂ ਤੁਸੀਂ ਕਿਹੜੇ ਮੈਡਲਾਂ ਦੀ ਗੱਲ ਕਰਦੇ ਹੋ?
ਜਿਹੜੇ ਮੁਲਕ ‘ਚ ਖੇਡਣ ਦੇ ਸਾਧਨਾ ਨੂੰ ਸਿਆਸੀ ਰੈਲੀਆਂ, ਜਾਂ ਮਨੋਰੰਜਨ ਦੇ ਸ਼ੋਅ ਅਤੇ ਮੇਲਿਆਂ ਲਈ ਬਾਖ਼ੂਬੀ ਵਰਤਿਆ ਜਾਂਦਾ ਹੋਵੇ ਉਸ ਮੁਲਕ ‘ਚ ਫੇਰ ਕੋਈ ਮਿਲਖਾ ਸਿੰਘ ਵਰਗਾ ਜਨੂਨੀ ਬੰਦਾ ਹੀ ਸੁਖੁ ਸਹੂਲਤ ਦੇ ਸਾਧਨਾ ਦੀ ਥਾਂ ਤੇ ਸਰੀਰਕ ਸਾਧਨਾ ਕਰਕੇ ਇਤਿਹਾਸ ਰਚ ਸਕਦਾ ਹੈ। ਖੇਡਾਂ ਦੇ ਇਸ ਪਿਛੜੇ-ਪਣ ਪਿੱਛੇ ਕੋਈ ਇਕ ਕਾਰਨ ਨਹੀਂ ਹੈ ਇੱਥੇ ਤਾਂ ਸਾਰਾ ਤਾਣਾ-ਬਾਣਾ ਹੀ ਉਲਝਿਆ ਹੋਇਆ ਹੈ। ਪਰਵਾਰ ਤੋਂ ਸ਼ੁਰੂ ਕੀਤਾ ਜਾਵੇ ਤਾਂ ਬਹੁਤ ਘੱਟ ਜਾਗਰੂਕ ਮਾਪੇ ਹੋਣਗੇ ਜੋ ਬੱਚੇ ਦੀ ਕਾਬਲੀਅਤ ਤੇ ਰੁਝਾਨ ਨੂੰ ਦੇਖ ਕੇ ਉਸ ਲਈ ਰਾਹ ਚੁਣਦੇ ਹਨ ਨਹੀਂ ਤਾਂ ਡਾਕਟਰ, ਇੰਜੀਨੀਅਰ ਤੋਂ ਬਾਅਦ ਜੇ ਕੋਈ ਆਪਣੇ ਬੱਚੇ ਨੂੰ ਖਿਡਾਰੀ ਬਣਾਉਣ ਬਾਰੇ ਸੋਚਦਾ ਹੈ ਤਾਂ ਉਸ ਪਿੱਛੇ ਮਕਸਦ ਪੈਸੇ ਕਮਾਉਣ ਦਾ ਹੁੰਦਾ ਹੈ ਨਾ ਕਿ ਸਰੀਰਕ ਸਮਰੱਥਾ ਨੂੰ ਦੇਖ ਕੇ ਕੋਈ ਫ਼ੈਸਲਾ ਲਿਆ ਜਾਂਦਾ। ਅਗਲਾ ਦੋਸ਼ ਉਨ੍ਹਾਂ ਵਿੱਦਿਅਕ ਅਦਾਰਿਆਂ ਦਾ ਆਉਂਦਾ ਜੋ ਬੱਚੇ ਦੇ ਸਰਬਪੱਖੀ ਵਿਕਾਸ ਨੂੰ ਅੱਖੋਂ ਪਰੋਖੇ ਕਰ ਕੇ ਜਾਂ ਤਾਂ ਕਿਤਾਬੀ ਕੀੜਾ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਜਾਂ ਫੇਰ ਪੈਸਾ ਕਮਾਉਣ ਦੀਆਂ ਮਸ਼ੀਨ ਬਣਾਉਣ ਦੀ ਸਿਖਲਾਈ ਦਿੱਤੀ ਜਾਂਦੀ ਹੈ। ਤੀਜਾ ਕਾਰਨ ਭਾਈਚਾਰਕ ਪੱਧਰ ਤੇ ਦੇਖਿਆ ਜਾ ਸਕਦਾ। ਭਾਵੇਂ ਅੱਜ ਕੱਲ੍ਹ ਹਰ ਪਿੰਡ ‘ਚ ਖੇਡ ਮੇਲੇ ਹੁੰਦੇ ਹਨ ਪਰ ਉਨ੍ਹਾਂ ਖੇਡ ਮੇਲਿਆਂ ਦਾ ਜੋ ਪੱਧਰ ਤੇ ਹਾਲ ਅਸੀਂ ਦੇਖਦੇ ਹਾਂ ਉਹ ਲਿਖਣ ‘ਚ ਸ਼ਰਮ ਆਉਂਦੀ ਹੈ। ਜੇ ਹੁਣ ਵਿਦੇਸ਼ ਦੇ ਇਕ ਨਿੱਕੇ ਜਿਹੇ ਪਿੰਡ ਦੀ ਵੀ ਉਧਾਰਨ ਦੇਵਾ ਤਾਂ ਇੱਥੇ ਹਰ ਪਿੰਡ ਸ਼ਹਿਰ ਦੀ ਇਕ ਲੀਗ ਚਲਦੀ ਹੈ। ਜਿਸ ਵਿਚ ਬੱਚਿਆਂ ਨੂੰ ਬਹੁਤ ਛੋਟੀ ਉਮਰ ਉਨ੍ਹਾਂ ਦੇ ਮਾਂ ਬਾਪ ਲੈ ਕੇ ਆਉਂਦੇ ਹਨ। ਦੇਖਣ ਵਾਲਾ ਨਜ਼ਾਰਾ ਇਹ ਹੁੰਦਾ ਹੈ ਕਿ ਬੱਚਾ ਭਾਵੇਂ ਹਾਲੇ ਪੂਰਾ ਬੋਲਣ ਵੀ ਨਾ ਸਿੱਖਿਆ ਹੋਵੇ ਪਰ ਜਦੋਂ ਉਹ ਖੇਡ ਦੇ ਮੈਦਾਨ ‘ਚ ਆਉਂਦਾ ਹੈ ਤਾਂ ਉਸ ਦੀ ਵਰਦੀ ਇਕ ਅੰਤਰਰਾਸ਼ਟਰੀ ਖਿਡਾਰੀ ਵਾਲੀ ਪਾਈ ਹੋਵੇਗੀ, ਜੋ ਕਿ ਉਸ ਅੰਦਰ ਜਜ਼ਬਾ ਲਿਆਉਣ ਲਈ ਵੱਡਾ ਰੋਲ ਅਦਾ ਕਰਦੀ ਹੈ। ਭਾਰਤ ਵਿਚ ਹੋ ਸਕਦਾ ਕਿਸੇ ਕੋਲ ਚੰਗੀ ਪ੍ਰਤਿਭਾ ਹੈ ਪਰ ਸਾਧਨ ਨਹੀਂ ਹਨ ਤਾਂ ਕਿ ਇਕ ਪਿੰਡ ਵਾਲੇ ਏਨੇ ਜੋਗੇ ਵੀ ਨਹੀਂ ਹਨ ਕਿ ਆਪਣੇ ਪਿੰਡ ਦੇ ਕਿਸੇ ਧੀ ਭੈਣ ਲਈ ਸਾਧਨ ਪੈਦਾ ਕਰ ਸਕਣ। ਸਰਕਾਰਾਂ ਦੀ ਤਾਂ ਕੀ ਗੱਲ ਕਰਨੀ ! ਉਹ ਤਾਂ ਸਾਡੇ ਖੇਡ ਮੰਤਰੀ ਗੋਇਲ ਸਾਹਿਬ ਰੀਓ ਉਲੰਪਿਕ ‘ਚ ਇਤਿਹਾਸ ਰਚ ਹੀ ਰਹੇ ਹਨ।