sikhsamelanusaਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ (ਏਜੀਪੀਸੀ) ਵੱਲੋਂ ਅਕਾਲ ਤਖ਼ਤ ਸਾਹਿਬ ਦੀ ਕਾਰਗੁਜ਼ਾਰੀ ਅਤੇ ਮਾਣ ਮਰਯਾਦਾ ਨੂੰ ਬਹਾਲ ਕਰਨ ਲਈ ਗੁਰਦੁਆਰਾ ਸਿੰਘ ਸਭਾ ਮਿਲਪੀਟਸ ਵਿਖੇ ਐਤਵਾਰ ਨੂੰ ਕਾਨਫ਼ਰੰਸ ਕੀਤੀ ਗਈ | ਵੈਸਟ ਕੋਸਟ ਦੇ ਤਕਰੀਬਨ ਸਾਰੇ ਹੀ ਮੁੱਖ ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ ਨੇ ਇਸ ਵਿਚ ਭਾਗ ਲਿਆ ਅਤੇ ਕਾਨਫ਼ਰੰਸ ਤੋਂ ਬਾਅਦ ਪੰਥਕ ਬਹਿਸ ਵਿਚ ਵੀ ਖੁੱਲ੍ਹ ਕੇ ਵਿਚਾਰਾਂ ਕੀਤੀਆਂ ਗਈਆਂ | ਕਾਨਫ਼ਰੰਸ ਦੀ ਸ਼ੁਰੂਆਤ ਕਰਦੇ ਹੋਏ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਜਸਵੰਤ ਸਿੰਘ ਹੋਠੀ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ, ਪ੍ਰਧਾਨ ਅਤੇ ਕੁਝ ਜਥੇਦਾਰਾਂ ਨੇ ਅਕਾਲ ਤਖ਼ਤ ਸਾਹਿਬ ਦੀ ਮਹਾਨਤਾ ਅਤੇ ਸਰਬਉੱਚਤਾ ਨੂੰ ਠੇਸ ਪਹੁੰਚਾਈ ਹੈ ਅਤੇ ਕੌਮ ਵਿਚ ਵੰਡੀਆਂ ਪੈ ਗਈਆਂ ਹਨ, ਹੁਣ ਸਮਾਂ ਸਿਰ ਜੋੜਨ ਦਾ ਹੈ ਨਾ ਕਿ ਕੌਮ ਵਿਚ ਵੰਡੀਆਂ ਪਾਉਣ ਦਾ | ਕਾਨਫ਼ਰੰਸ ਵਿਚ ਵੱਖ-ਵੱਖ ਬੁਲਾਰਿਆਂ ਨੇ ਹਾਲ ਹੀ ਵਿਚ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਬਰਖਾਸਤ ਕਰਨ ਅਤੇ ਨਾਨਕਸ਼ਾਹੀ ਕੈਲੰਡਰ ਬਾਰੇ ਆਪਣੇ ਵਿਚਾਰ ਰੱਖੇ | ਕਮੇਟੀ ਦੇ ਕੋਆਰਡੀਨੇਟਰ ਡਾ: ਪਿ੍ਤਪਾਲ ਸਿੰਘ ਨੇ ਕਿਹਾ ਹੈ ਕਿ ਸੰਨ 2003 ਵਿਚ ਲਾਗੂ ਹੋਇਆ ਕੈਲੰਡਰ ਇਕ ਵਿਧੀ ਵਿਧਾਨ ਅਧੀਨ ਹੋਂਦ ਵਿਚ ਆਇਆ ਸੀ ਅਤੇ ਅਕਾਲ ਤਖ਼ਤ ਸਾਹਿਬ ਨੇ ਪ੍ਰਵਾਨਗੀ ਦਿੱਤੀ ਸੀ ਪਰ ਸੰਨ 2010 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਕਾਲ ਤਖ਼ਤ ਦੀ ਹੋਂਦ ਨੂੰ ਅੱਖੋਂ-ਪਰੋਖੇ ਕਰਕੇ ਬਿਨਾਂ ਕਿਸੇ ਵਿਧੀ ਵਿਧਾਨ ਦੇ ਸੋਧਾਂ ਦੇ ਨਾਂਅ ਹੇਠ ਉਸ ਵਿਚ ਤਬਦੀਲੀਆਂ ਕਰ ਦਿੱਤੀਆਂ | ਕੈਲੰਡਰ ਵਿਚ ਸੋਧਾਂ ਤਾਂ ਸੰਭਵ ਹਨ ਪਰ ਉਨ੍ਹਾਂ ਲਈ ਕੋਈ ਢੰਗ-ਤਰੀਕਾ ਅਪਣਾਉਣਾ ਚਾਹੀਦਾ ਹੈ, ਜਿਹੜਾ ਸਿੱਖ ਸੰਸਥਾਵਾਂ ਨੂੰ ਮਨਜ਼ੂਰ ਹੋਵੇ | ਸਿੱਖ ਪੰਚਾਇਤ ਦੇ ਭਾਈ ਗੁਰਮੀਤ ਸਿੰਘ ਖ਼ਾਲਸਾ ਨੇ ਇਸ ਸੁਰ ਤੋਂ ਪਾਸੇ ਹਟਦੇ ਹੋਏ ਕਿਹਾ ਕਿ ਕੌਮ ਨੂੰ ੇ ਅਗਾਂਹਵਧੂ ਸੋਚ ਅਪਣਾਉਣੀ ਚਾਹੀਦੀ ਹੈ | ਸਿਆਟਲ ਤੋਂ ਵਿਸ਼ੇਸ਼ ਤੌਰ ‘ਤੇ ਆਏ ਭਾਈ ਗੁਰਦੇਵ ਸਿੰਘ ਮਾਨ ਅਤੇ ਭਾਈ ਪਰਮਜੀਤ ਸਿੰਘ ਨੇ ਕਿਹਾ ਕਿ ਸੰਨ 2003 ਵਾਲਾ ਮੂਲ ਨਾਨਕਸ਼ਾਹੀ ਕੈਲੰਡਰ ਹੀ ਠੀਕ ਹੈ ਅਤੇ ਸਿੱਖਾਂ ਦੀ ਵੱਖਰੀ ਹਸਤੀ ਦੀ ਹੋਂਦ ਨੂੰ ਦਰਸਾਉਂਦਾ ਹੈ | ਖ਼ਾਲਿਸਤਾਨ ਅਫੇਅਰਜ਼ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਨੇ ਆਪਣੀ ਪ੍ਰਭਾਵਸ਼ਾਲੀ ਤਕਰੀਰ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਕਾਰਗੁਜ਼ਾਰੀ ‘ਤੇ ਗੱਲ ਕਰਦੇ ਹੋਏ ਕਿਹਾ ਕਿ ਇਨ੍ਹਾਂ ਨੇ ਆਰ. ਐਸ. ਐਸ. ਦੇ ਕਹਿਣ ‘ਤੇ ਨਾਨਕਸ਼ਾਹੀ ਕੈਲੰਡਰ 2010 ਵਿਚ ਤਬਦੀਲੀਆਂ ਲਿਆਂਦੀਆਂ ਜਿਹੜੀਆਂ ਕਿ ਸਿੱਖਾਂ ਦੀ ਵੱਖਰੀ ਹਸਤੀ ਨੂੰ ਹਿੰਦੂਆਂ ਵਿਚ ਜਜ਼ਬ ਕਰਨ ਦੀ ਚਾਲ ਹੈ | ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਭਾਈ ਰੇਸ਼ਮ ਸਿੰਘ ਨੇ ਵੀ ਸਿੱਖਾਂ ਦੀ ਵੱਖਰੀ ਹੋਂਦ ਦੀਆਂ ਉਦਾਹਰਨਾਂ ਦਿੰਦੇ ਹੋਏ ਕਿਹਾ ਕਿ ਸ਼੍ਰੋਮਣੀ ਕਮੇਟੀ ਤਾਂ ਆਰ. ਐਸ. ਐਸ. ਦੀ ਏਜੰਟ ਬਣ ਕੇ ਹੀ ਰਹਿ ਗਈ ਹੈ | ਸਰਬਜੀਤ ਸਿੰਘ ਸੈਕਰਾਮੈਂਟੋ ਨੇ ਤਰਕ ਦੇ ਕੇ 2003 ਵਾਲੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਜਾਇਜ਼ ਠਹਿਰਾਉਂਦੇ ਹੋਏ ਵਿਰੋਧੀਆਂ ਲਈ ਕਈ ਸੁਆਲ ਖੜ੍ਹੇ ਕੀਤੇ | ਇਸ ਕਾਨਫ਼ਰੰਸ ਵਿਚ ਗੁਰਦੁਆਰਾ ਸਾਹਿਬ ਫਰੀਮਾਂਟ, ਮਿਲਪੀਟਸ, ਐਲਸਬਰਾਂਟੇ, ਲੋਡਾਈ, ਸਟਾਕਟਨ, ਮਡੇਰਾ, ਸੈਂਟਾ ਕਲਾਰਾ, ਹੇਵਰਡ, ਬਿਊਨਾ ਪਾਰਕ, ਸੈਂਟਾ ਰੋਜ਼ਾ ਅਤੇ ਬੇਕਰਸਫੀਲਡ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ ਅਤੇ ਇਹ ਗੁਰਦੁਆਰਾ ਸਾਹਿਬ ਪਹਿਲਾਂ ਤੋਂ ਹੀ ਸੰਨ 2003 ਵਾਲਾ ਨਾਨਕਸ਼ਾਹੀ ਕੈਲੰਡਰ ਮੰਨਦੇ ਹਨ | ਮੀਟਿੰਗ ਵਿਚ ਕਈ ਮਤੇ ਪਾਸ ਕੀਤੇ ਗਏ |

(ਹੁਸਨ ਲੜੋਆ ਬੰਗਾ)